4 ਬੈਂਕਾਂ ਦਾ ਡਿਫਾਲਟਰ ਹੋਇਆ ਪੰਜਾਬ ਮੰਡੀ ਬੋਰਡ

in #punjab2 years ago

ਪੰਜਾਬ ਨੂੰ ਕੇਂਦਰ ਸਰਕਾਰ ਵੱਲੋਂ ਵੱਡਾ ਝਟਕਾ ਦਿੱਤਾ ਗਿਆ ਹੈ।ਦਰਅਸਲ ਹੁਣ ਕੇਂਦਰ ਵੱਲੋਂ ਦਿਹਾਤੀ ਵਿਕਾਸ ਫ਼ੰਡ ਰੋਕਣ ਕਰ ਕੇ ਪੰਜਾਬ ਮੰਡੀ ਬੋਰਡ ਵਿੱਤੀ ਸੰਕਟ ਵਿੱਚ ਘਿਰ ਗਿਆ ਹੈ। ਸੂਤਰਾਂ ਵੱਲੋਂ ਮਿਲੀ ਜਾਣਕਾਰੀ ਦੇ ਮੁਤਾਬਕ ਪੰਜਾਬ ਮੰਡੀ ਬੋਰਡ ਚਾਰ ਬੈਂਕਾਂ ਤੋਂ ਲਏ ਕਰਜ਼ੇ ਦੀ ਕਿਸ਼ਤ ਵਾਪਸ ਨਹੀਂ ਮੋੜ ਸਕਿਆ। ਪਿਛਲੇ ਸਾਲ ਦਸੰਬਰ ਮਹੀਨੇ ਦੀ ਕਿਸ਼ਤ ਵਾਪਸ ਨਾ ਮੋੜਨ ਦੇ ਕਾਰਨ ਪੰਜਾਬ ਮੰਡੀ ਬੋਰਡ ਹੁਣ ਡਿਫਾਲਟਰ ਹੋ ਗਿਆ ਹੈ।

ਦੂਜੇ ਪਾਸੇ ਪੰਜਾਬ ਦੇ ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇਸ ਸਬੰਧੀ ਤਿੱਖਾ ਪ੍ਰਤੀਕਰਮ ਦਿੰਦਿਆਂ ਇਹ ਕਿਹਾ ਹੈ ਕਿ ਕੇਂਦਰ ਸਰਕਾਰ ਜਾਣਬੁੱਝ ਕੇ ਪੰਜਾਬ ਦੇ ਵਿਕਾਸ ਨੂੰ ਰੋਕ ਰਹੀ ਹੈ।ਇਸੇ ਲੜੀ ਵਿੱਚ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ 3200 ਕਰੋੜ ਰੁਪਏ ਹੁਣ ਤੱਕ ਜਾਰੀ ਨਹੀਂ ਕੀਤੇ ਗਏ। ਧਾਲੀਵਾਲ ਨੇ ਕਿਹਾ ਹੈ ਕਿ ਲਿੰਕ ਸੜਕਾਂ ਦਾ ਕੰਮ ਇਸ ਕਾਰਨ ਪ੍ਰਭਾਵਿਤ ਹੋ ਰਿਹਾ ਹੈ। ਇਸ ਦੇ ਨਾਲ ਹੀ ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਕੇਂਦਰੀ ਖ਼ੁਰਾਕ ਮੰਤਰੀ ਤੋਂ ਮੁਲਾਕਾਤ ਲਈ ਸਮਾਂ ਮੰਗਿਆ ਹੈ ਤਾਂ ਜੋ ਕੇਂਦਰੀ ਫ਼ੰਡ ਰਿਲੀਜ਼ ਕਰਵਾਏ ਜਾ ਸਕਣ।

ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਤਤਕਾਲੀ ਸਰਕਾਰ ਨੇ ਪੰਜਾਬ ਮੰਡੀ ਬੋਰਡ ਵੱਲੋਂ ਚੁੱਕੇ ਕਰਜ਼ੇ ਦੀ ਰਾਸ਼ੀ ’ਚੋਂ ਚਾਰ ਹਜ਼ਾਰ ਕਰੋੜ ਰੁਪਏ ਦੇ ਫ਼ੰਡ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਸਕੀਮ ਲਈ ਵਰਤ ਲਏ ਸਨ। ਬਾਕੀ 650 ਕਰੋੜ ਰੁਪਏ ਲਿੰਕ ਸੜਕਾਂ ਦੀ ਵਿਸ਼ੇਸ਼ ਮੁਰੰਮਤ ’ਤੇ ਖ਼ਰਚ ਕੀਤੇ ਗਏ ਸਨ। ਪੰਜਾਬ ਮੰਡੀ ਬੋਰਡ ਵੱਲੋਂ ਚੁੱਕੇ ਕੁੱਲ 4650 ਕਰੋੜ ਰੁਪਏ ਦੀ ਕਰਜ਼ਾ ਰਾਸ਼ੀ ਵਿਆਜ ਸਮੇਤ 5500 ਕਰੋੜ ਰੁਪਏ ਬਣ ਗਈ ਹੈ।

ਵੈਸੇ ਤਾਂ ਹੁਣ ਇਸ ਕਰਜ਼ੇ ਦੀਆਂ ਇਸ ਵੇਲੇ ਸਿਰਫ਼ ਤਿੰਨ ਕਿਸ਼ਤਾਂ ਭਰਨੀਆਂ ਬਾਕੀ ਰਹਿੰਦੀਆਂ ਹਨ ਜਿਸ ਲਈ ਪੰਜਾਬ ਸਰਕਾਰ ਨੂੰ 1615 ਕਰੋੜ ਰੁਪਏ ਦੀ ਜ਼ਰੂਰਤ ਹੈ।ਦਰਅਸਲ ਇੱਕ ਸਾਲ ਵਿੱਚ ਦੋ ਕਿਸ਼ਤਾਂ ਭਰਨੀਆਂ ਹੁੰਦੀਆਂ ਹਨ ਅਤੇ ਪ੍ਰਤੀ ਕਿਸ਼ਤ 545 ਕਰੋੜ ਰੁਪਏ ਭਰਨੇੇ ਹੁੰਦੇ ਹਨ। ਮੰਡੀ ਬੋਰਡ ਦਸੰਬਰ ਮਹੀਨੇ ਦੀ 545 ਕਰੋੜ ਦੀ ਕਿਸ਼ਤ ਇਨ੍ਹਾਂ ਚਾਰ ਬੈਂਕਾਂ ਦੀਆਂ ਨਹੀਂ ਭਰ ਸਕਿਆ ਜਿਸ ਕਰ ਕੇ ਬੋਰਡ ਡਿਫਾਲਟਰ ਹੋ ਗਿਆ ਹੈ।