ਲੋਕਤੰਤਰ 'ਚ ਇਲੈਕਟਿਡ ਲੋਕ ਵੱਡੇ ਹੁੰਦੇ ਨੇ

in #punjab2 years ago

ਚੰਡੀਗੜ੍ਹ- ਮੁੱਖ ਮੰਤਰੀ ਭਗਵੰਤ ਮਾਨ (Bhagwant maan) ਅਤੇ ਰਾਜਪਾਲ ਪੰਜਾਬ ਬਨਵਾਰੀ ਲਾਲ ਪੁਰੋਹਿਤ (Banwari lal purohit) ਵਿੱਚ ਚੱਲ ਰਹੀ ਸ਼ਬਦੀ ਜੰਗ ਜਾਰੀ ਹੈ। ਅੱਜ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਪੁਰੋਹਿਤ ਦਾ ਨਾਂ ਲਏ ਬਗੈਰ ਉਨ੍ਹਾਂ ਉਤੇ ਨਿਸ਼ਾਨਾ ਸਾਧਿਆ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਦੀ ਜਨਤਾ ਨੇ ਜਿੰਨਾਂ ਨੂੰ ਚੁਣਿਆ ਹੈ, ਉਹੀ ਫੈਸਲੇ ਕਰਨ। ਇਲੈਕਟਿਡ ਲੋਕ ਹੀ ਕਰਨ, ਨਾ ਕਿ ਸਿਲੈਕਟਿਡ। ਮਾਨ ਨੇ ਅੱਗੇ ਕਿਹਾ ਕਿ ਲੋਕਤੰਤਰ ਵਿੱਚ ਇਲੈਕਟਿਡ ਲੋਕ ਵੱਡੇ ਹਨ, ਸਿਲੈਕਟਿਡ ਤਾਂ ਕੋਈ ਵੀ ਹੋ ਸਕਦਾ ਹੈ।

ਦੱਸ ਦੇਈਏ ਕਿ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕੁੱਝ ਦਿਨ ਪਹਿਲਾਂ ਸਰਹੱਦੀ ਖੇਤਰਾਂ ਦਾ ਦੌਰਾ ਕੀਤਾ ਸੀ ਅਤੇ ਉਨ੍ਹਾਂ ਨੇ ਪੰਜਾਬ ਸਰਕਾਰ ਉਪਰ ਨਸ਼ੇ ਅਤੇ ਅਮਨ ਕਾਨੂੰਨ ਦੀ ਸਥਿਤੀ 'ਤੇ ਸਵਾਲ ਚੁੱਕੇ ਸਨ। ਇਸ ਤੋਂ ਬਾਅਦ ਹੁਣ ਰਾਜਪਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਚਿੱਠੀ ਵੀ ਲਿਖੀ, ਜਿਸ ਵਿੱਚ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਭੇਜਣ ਦੇ ਫੈਸਲੇ ਸਮੇਤ 4 ਨੁਕਤਿਆਂ ਉਪਰ ਜਵਾਬ ਮੰਗਿਆ ਹੈ।

ਬੀਤੇ ਦਿਨ
ਮੁੱਖ ਮੰਤਰੀ ਮਾਨ ਨੇ ਟਵਿੱਟਰ 'ਤੇ ਰਾਜਪਾਲ ਨੂੰ ਉਨ੍ਹਾਂ ਦੀ ਚਿੱਠੀ ਦਾ ਜਵਾਬ ਦਿੰਦਿਆਂ ਲਿਖਿਆ, ''ਮਾਣਯੋਗ ਰਾਜਪਾਲ ਸਾਹਿਬ ਤੁਹਾਡੀ ਚਿੱਠੀ ਮੀਡੀਆ ਜ਼ਰੀਏ ਮਿਲੀ..ਜਿੰਨੇ ਵੀ ਚਿੱਠੀ ਵਿੱਚ ਵਿਸ਼ੇ ਲਿਖੇ ਨੇ ਓਹ ਸਾਰੇ ਸਟੇਟ ਦੇ ਵਿਸ਼ੇ ਹਨ …ਮੈਂ ਅਤੇ ਮੇਰੀ ਸਰਕਾਰ ਸੰਵਿਧਾਨ ਅਨੁਸਾਰ 3 ਕਰੋੜ ਪੰਜਾਬੀਆਂ ਨੂੰ ਜਵਾਬਦੇਹ ਹੈ ਨਾ ਕਿ ਕੇਂਦਰ ਸਰਕਾਰ ਦੁਆਰਾ ਨਿਯੁਕਤ ਕਿਸੇ ਰਾਜਪਾਲ ਨੂੰ, ਇਸੇ ਨੂੰ ਮੇਰਾ ਜਵਾਬ ਸਮਝੋ..।''
ਚਿੱਠੀ ਰਾਹੀਂ ਮਾਨ ਸਰਕਾਰ ਕੋਲੋਂ ਉਸਦੇ ਫੈਸਲਿਆਂ ਉਪਰ ਰਾਜਪਾਲ ਨੇ ਜਵਾਬ ਲਈ 15 ਦਿਨਾਂ ਦਾ ਸਮਾਂ ਦਿੱਤਾ ਹੈ। ਰਾਜਪਾਲ ਨੇ ਮਾਨ ਸਰਕਾਰ ਉਪਰ ਉਨ੍ਹਾਂ ਦੀਆਂ ਪਹਿਲਾਂ 4 ਚਿੱਠੀਆਂ ਦੇ ਜਵਾਬ ਵੀ ਨਾ ਦੇਣ ਦਾ ਦੋਸ਼ ਲਾਇਆ ਹੈ। ਰਾਜਪਾਲ ਵੱਲੋਂ ਚਿੱਠੀ ਦਾ ਜਵਾਬ ਨਾ ਦੇਣ ਦੀ ਸੂਰਤ ਵਿੱਚ ਕਾਨੂੰਨੀ ਸਲਾਹ ਲੈਣ ਦੀ ਵੀ ਗੱਲ ਕਹੀ ਗਈ ਹੈ।