ਸਰਕਾਰ ਬਣਨ ’ਤੇ ਗਊ ਪਾਲਕਾਂ ਨੂੰ ਰੋਜ਼ਾਨਾ 40 ਰੁਪਏ ਦੇਵਾਂਗੇ: ਕੇਜਰੀਵਾਲ

in #delhi2 years ago

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਵਾਅਦਾ ਕੀਤਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਗੁਜਰਾਤ ਵਿੱਚ ਸੱਤਾ ’ਚ ਆਉਂਦੀ ਹੈ ਤਾਂ ਗਊ ਪਾਲਕਾਂ ਨੂੰ ਪ੍ਰਤੀ ਗਾਂ ਰੋਜ਼ਾਨਾ 40 ਰੁਪਏ ਭੱਤਾ ਦਿੱਤਾ ਜਾਵੇਗਾ ਅਤੇ ਹਰ ਜ਼ਿਲ੍ਹੇ ’ਚ ਗਊਸ਼ਾਲਾਵਾਂ ਬਣਾਈਆਂ ਜਾਣਗੀਆਂ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਕੇਜਰੀਵਾਲ ਦਾ ਇਹ ਐਲਾਨ ਗੁਜਰਾਤ ’ਚ ਹਾਕਮ ਭਾਰਤੀ ਜਨਤਾ ਪਾਰਟੀ ਦਾ ਮੁਕਾਬਲਾ ਕਰਨ ਅਤੇ ਹਿੰਦੂ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਲਈ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਹਾਜ਼ਰ ਸਨ।ਕੇਜਰੀਵਾਲ ਨੇ ਦਾਅਵਾ ਕੀਤਾ ਕਿ ਭਾਜਪਾ ਤੇ ਵਿਰੋਧੀ ਧਿਰ ਕਾਂਗਰਸ ਉਨ੍ਹਾਂ ਦੀ ਪਾਰਟੀ ਦੀਆਂ ਵੋਟਾਂ ਕੱਟਣ ਲਈ ਇਕਜੁੱਟ ਹਨ ਅਤੇ ਖੁਫੀਆ ਬਿਊਰੋ ਦੀ ਇੱਕ ਰਿਪੋਰਟ ਅਨੁਸਾਰ ਉਨ੍ਹਾਂ ਦੀ ਪਾਰਟੀ ਸੂਬੇ ’ਚ ਅਗਲੀ ਸਰਕਾਰ ਬਣਾ ਰਹੀ ਹੈ। ਉਨ੍ਹਾਂ ਰਾਜਕੋਟ ’ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘ਦਿੱਲੀ ਵਿੱਚ ਅਸੀਂ ਹਰ ਗਾਂ ਲਈ 40 ਰੁਪੲੇ ਰੋਜ਼ਾਨਾ ਦਿੰਦੇ ਹਾਂ। ਇਸ ’ਚੋਂ 20 ਰੁਪਏ ਦਿੱਲੀ ਸਰਕਾਰ ਤੇ ਬਾਕੀ 20 ਰੁਪਏ ਨਗਰ ਨਿਗਮ ਦਿੰਦਾ ਹੈ। ਜੇਕਰ ਗੁਜਰਾਤ ’ਚ ‘ਆਪ’ ਦੀ ਸਰਕਾਰ ਬਣਦੀ ਹੈ ਤਾਂ ਅਸੀਂ ਗਊ ਪਾਲਕਾਂ ਨੂੰ ਹਰੇਕ ਗਾਂ ਬਦਲੇ ਰੋਜ਼ਾਨਾ 40 ਰੁਪਏ ਦੇਵਾਂਗੇ।’ ਉਨ੍ਹਾਂ ਕਿਹਾ ਕਿ ਦੁੱਧ ਨਾ ਦੇਣ ਵਾਲੀਆਂ ਤੇ ਲਾਵਾਰਸ ਗਊਆਂ ਲਈ ਹਰ ਜ਼ਿਲ੍ਹੇ ’ਚ ਗਊਸ਼ਾਲਾ ਬਣਾਈ ਜਾਵੇਗੀ। ਕੇਜਰੀਵਾਲ ਨੇ ਵਾਅਦਾ ਕੀਤਾ ਕਿ ਆਮ ਆਦਮੀ ਪਾਰਟੀ ਸੂਬੇ ’ਚ ਗਊਆਂ ਦੀ ਬਿਹਤਰੀ ਲਈ ਜ਼ਰੂਰੀ ਕਦਮ ਚੁੱਕੇਗੀ। ‘ਆਪ’ ਆਗੂ ਨੇ ਇਹ ਐਲਾਨ ਅਜਿਹੇ ਸਮੇਂ ਕੀਤਾ ਹੈ ਜਦੋਂ ਸੂਬੇ ’ਚ ਗਊਸ਼ਾਲਾ ਮਾਲਿਕ ਗੁਜਰਾਤ ਸਰਕਾਰ ਵੱਲੋਂ ਵਾਅਦੇ ਦਾ ਪੈਕੇਜ ਨਾ ਦਿੱਤੇ ਜਾਣ ਖ਼ਿਲਾਫ਼ ਰੋਸ ਮੁਜ਼ਾਹਰੇ ਕਰ ਰਹੇ ਹਨ।