ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 150ਈ- ਬੱਸਾਂ ਨੂੰ ਹਰੀ ਝੰਡੀ ਦਿਖਾਈ

in #punjab2 years ago

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕੌਮੀ ਰਾਜਧਾਨੀ ਵਿੱਚ 150 ਈ-ਬੱਸਾਂ ਨੂੰ ਹਰੀ ਝੰਡੀ ਦਿਖਾਉਣ ਤੋਂ ਬਾਅਦ ਕਿਹਾ ਕਿ ਦਿੱਲੀ ਸਰਕਾਰ ਦਾ ਇੱਕ ਸਾਲ ਦੇ ਅੰਦਰ ਦੋ ਹਜ਼ਾਰ ਇਲੈਕਟ੍ਰਿਕ ਬੱਸਾਂ ਨੂੰ ਲਾਂਚ ਕਰਨ ਦਾ ਟੀਚਾ ਹੈ। ਕੇਜਰੀਵਾਲ ਨੇ ਖ਼ੁਦ ਈ-ਬੱਸ ਵਿੱਚ ਸਵਾਰੀ ਕੀਤੀ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਅਗਲੇ ਦਸ ਸਾਲਾਂ ਦੌਰਾਨ ਇਲੈਕਟ੍ਰਿਕ ਬੱਸਾਂ ਦੀ ਖ਼ਰੀਦ ਲਈ 1,862 ਕਰੋੜ ਰੁਪਏ ਵੀ ਅਲਾਟ ਕੀਤੇ ਹਨ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਯਾਤਰੀ 26 ਮਈ ਤੱਕ ਮੁਫ਼ਤ ਯਾਤਰਾ ਦਾ ਲਾਭ ਲੈ ਸਕਦੇ ਹਨ।
ਮੁੱਖ ਮੰਤਰੀ ਨੇ ਇੰਦਰਪ੍ਰਸਥ ਡਿੱਪੂ ਤੋਂ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਅਤੇ ਰਾਜਘਾਟ ਕਲੱਸਟਰ ਬੱਸ ਡਿੱਪੂ ਪਹੁੰਚਣ ਲਈ ਉਨ੍ਹਾਂ ਵਿੱਚੋਂ ਇੱਕ ਵਿੱਚ ਸਵਾਰ ਹੋ ਗਏ। ਉਨ੍ਹਾਂ ਦੇ ਨਾਲ ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਅਤੇ ਮੁੱਖ ਸਕੱਤਰ ਨਰੇਸ਼ ਕੁਮਾਰ ਵੀ ਮੌਜੂਦ ਸਨ। ਉਨ੍ਹਾਂ ਕਿਹਾ, ‘ਅੱਜ 150 ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਹੈ। ਅਗਲੇ ਮਹੀਨੇ 150 ਹੋਰ ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ। ਇਹ ਤੁਹਾਡੀਆਂ ਬੱਸਾਂ ਹਨ। ਕਿਰਪਾ ਕਰਕੇ ਇਨ੍ਹਾਂ ਦਾ ਧਿਆਨ ਰੱਖੋ, ਇਨ੍ਹਾਂ ਨੂੰ ਗੰਦਾ ਨਾ ਕਰੋ। ਇਹ ਬੱਸਾਂ ਦਿੱਲੀ ਵਿੱਚ ਪ੍ਰਦੂਸ਼ਣ ਨੂੰ ਘੱਟ ਕਰਨਗੀਆਂ।’ ਮੁੱਖ ਮੰਤਰੀ ਨੇ ਉਨ੍ਹਾਂ ਦਿਨਾਂ ਨੂੰ ਵੀ ਯਾਦ ਕੀਤਾ ਜਦੋਂ ਉਹ ਭਾਰਤ ਦੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਦੌਰਾਨ ਬੱਸਾਂ ਵਿੱਚ ਸਫ਼ਰ ਕਰਦੇ ਸਨ, ‘‘ਅੰਦੋਲਨ ਦੇ ਦਿਨਾਂ ਦੌਰਾਨ ਮੈਂ ਬੱਸਾਂ ਵਿੱਚ ਸਫ਼ਰ ਕਰਦਾ ਸੀ। ਪਰ ਏਅਰ ਕੰਡੀਸ਼ਨਿੰਗ ਮਜ਼ਬੂਤ ਨਹੀਂ ਸੀ। ਅੱਜ ਮੈਂ ਇਲੈਕਟ੍ਰਿਕ ਬੱਸ ਵਿੱਚ ਸਫ਼ਰ ਕੀਤਾ। ਲੋਕਾਂ ਦੀ ਮੌਜੂਦਗੀ ਦੇ ਬਾਵਜੂਦ ਏਅਰ ਕੰਡੀਸ਼ਨਿੰਗ ਮਜ਼ਬੂਤ ਸੀ’। ਦਿੱਲੀ ਸਰਕਾਰ ਨੇ ਅਗਲੇ 10 ਸਾਲਾਂ ਵਿੱਚ ਇਲੈਕਟ੍ਰਿਕ ਬੱਸਾਂ ਲੈਣ ਲਈ 1,862 ਕਰੋੜ ਰੁਪਏ ਅਲਾਟ ਕੀਤੇ ਹਨ ਜਦਕਿ ਕੇਂਦਰ ਨੇ ਇਸ ਲਈ 150 ਕਰੋੜ ਰੁਪਏ ਮੁਹੱਈਆ ਕਰਵਾਏ ਹਨ। ਕੇਜਰੀਵਾਲ ਨੇ ਕਿਹਾ ਕਿ ਇਕ ਸਾਲ ਦੇ ਅੰਦਰ ਦੋ ਹਜ਼ਾਰ ਇਲੈਕਟ੍ਰਿਕ ਬੱਸਾਂ ਹਾਸਲ ਕਰਨ ਦਾ ਟੀਚਾ ਹੈ। ਕੇਂਦਰ ਦੇ ਫੰਡ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ, ‘ਅਸੀਂ ਕੇਂਦਰ ਦੇ ਧੰਨਵਾਦੀ ਹਾਂ। ਅਸੀਂ ਉਨ੍ਹਾਂ ਨੂੰ ਕ੍ਰੈਡਿਟ ਦਿੰਦੇ ਹਾਂ। ਦਿੱਲੀ ਵਿੱਚ ਕੰਮ ਹੋਣਾ ਚਾਹੀਦਾ ਹੈ’। ਮੁੱਖ ਮੰਤਰੀ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਦਿੱਲੀ ਦੇ ਇਤਿਹਾਸ ਵਿੱਚ ਇਸ ਸਮੇਂ ਕੌਮੀ ਰਾਜਧਾਨੀ ਦੀਆਂ ਸੜਕਾਂ ’ਤੇ 7,200 ਬੱਸਾਂ ਚੱਲਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰ 600-700 ਸੀਐੱਨਜੀ ਬੱਸਾਂ ਖ਼ਰੀਦਣ ਦੀ ਵੀ ਯੋਜਨਾ ਬਣਾ ਰਹੀ ਹੈ ਕਿਉਂਕਿ ਇਲੈਕਟ੍ਰਿਕ ਬੱਸਾਂ ਦੇ ਨਿਰਮਾਣ ਵਿੱਚ ਸਮਾਂ ਲੱਗਦਾ ਹੈ। ਉਨ੍ਹਾਂ ਕਿਹਾ ਕਿ 26 ਮਈ ਤੱਕ ਯਾਤਰੀ ਇਨ੍ਹਾਂ ਈ-ਬੱਸਾਂ ਵਿੱਚ ਮੁਫ਼ਤ ਯਾਤਰਾ ਕਰ ਸਕਦੇ ਹਨ। ਬਾਅਦ ਵਿੱਚ ਹਿੰਦੀ ਵਿੱਚ ਇੱਕ ਟਵੀਟ ਵਿੱਚ ਉਨ੍ਹਾਂ ਕਿਹਾ, ‘ਦਿੱਲੀ ਨੇ ਅੱਜ ਪ੍ਰਦੂਸ਼ਣ ਵਿਰੁੱਧ ਆਪਣੀ ਲੜਾਈ ਵਿੱਚ ਇੱਕ ਨਵਾਂ ਅਧਿਆਏ ਲਿਖਿਆ ਹੈ। ਅੱਜ ਤੋਂ 150 ਇਲੈਕਟ੍ਰਿਕ ਬੱਸਾਂ ਇੱਕ ਵਾਰ ਵਿੱਚ ਦਿੱਲੀ ਦੀਆਂ ਸੜਕਾਂ ’ਤੇ ਚੱਲਣੀਆਂ ਸ਼ੁਰੂ ਹੋ ਗਈਆਂ ਹਨ। ਮੈਂ ਉਨ੍ਹਾਂ ਵਿੱਚੋਂ ਇੱਕ ਵਿੱਚ ਸਫ਼ਰ ਕੀਤਾ ਤੇ ਇਸ ਵਿੱਚ ਆਧੁਨਿਕ ਸਹੂਲਤਾਂ ਹਨ। ਤੁਹਾਨੂੰ ਦਿੱਲੀ ਦੀ ਲਗਜ਼ਰੀ ਇਲੈਕਟ੍ਰਿਕ ਬੱਸ ਵਿੱਚ ਵੀ ਸਫਰ ਕਰਨਾ ਚਾਹੀਦਾ ਹੈ।’
ਈ-ਬੱਸਾਂ ’ਚ ਕੇਂਦਰ ਵੱਲੋਂ ਪਾਏ ਯੋਗਦਾਨ ਦਾ ਵੀ ਜ਼ਿਕਰ ਹੋਵੇ: ਭਾਜਪਾ
ਦਿੱਲੀ ਭਾਜਪਾ ਦੇ ਬੁਲਾਰੇ ਪ੍ਰਵੀਨ ਸ਼ੰਕਰ ਕਪੂਰ ਨੇ ਅੱਜ ਦਿੱਲੀ ਵਿੱਚ ਡੀਟੀਸੀ ਨੂੰ 150 ਇਲੈਕਟ੍ਰਿਕ ਬੱਸਾਂ ਮਿਲਣ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਹੈ। ਬੁਲਾਰੇ ਨੇ ਕਿਹਾ ਹੈ ਕਿ ਅਫਸੋਸ ਦੀ ਗੱਲ ਹੈ ਕਿ ਦਿੱਲੀ ਸਰਕਾਰ ਨੇ ਸਿਆਸੀ ਦੁਸ਼ਮਣੀ ਕਾਰਨ ਇਨ੍ਹਾਂ ਬੱਸਾਂ ’ਤੇ ਭਾਰਤ ਸਰਕਾਰ ਦੇ ਸਹਿਯੋਗ ਦੀ ਨਿਸ਼ਾਨਦੇਹੀ ਨਹੀਂ ਕੀਤੀ ਜਦਕਿ ਇਸ ਤੋਂ ਪਹਿਲਾਂ ਜਦੋਂ ਡੀਟੀਸੀ ਜਵਾਹਰ ਲਾਲ ਸ਼ਹਿਰੀ ਨਵੀਨੀਕਰਨ ਮਿਸ਼ਨ ਦੀ ਗਰਾਂਟ ਤੋਂ ਪ੍ਰਾਪਤ ਕੀਤੀ ਗਈ ਸੀ ਜਿਸ ’ਤੇ ‘ਜੇਐੱਨਯੂਆਰਐੱਮ’ ਲਿਖਿਆ ਗਿਆ ਸੀ। ਬੁਲਾਰੇ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਦਿੱਲੀ ਸਰਕਾਰ ਤੁਰੰਤ ਸਾਰੇ ਡੀਟੀਸੀ ਈ-ਬੱਸਾਂ ’ਤੇ ਭਾਰਤ ਸਰਕਾਰ ਦੇ ਯੋਗਦਾਨ ਨੂੰ ਚਿੰਨ੍ਹਿਤ ਕਰੇ। ਇਨ੍ਹਾਂ ਬੱਸਾਂ ’ਤੇ ਭਾਰਤ ਸਰਕਾਰ ਦੇ ਯੋਗਦਾਨ ਦੀ ਨਿਸ਼ਾਨਦੇਹੀ ਨਾ ਕੀਤੀ ਤਾਂ ਦਿੱਲੀ ਦੇ ਲੋਕ ਖ਼ੁਦ ਇਨ੍ਹਾਂ ਬੱਸਾਂ ’ਤੇ ਸਟਿੱਕਰ ਲਗਾ ਕੇ ਭਾਰਤ ਸਰਕਾਰ ਦੇ ਯੋਗਦਾਨ ਦਾ ਜ਼ਿਕਰ ਕਰਨਗੇ। ਉਨ੍ਹਾਂ ਨੇ ਸਟਿੱਕਰ ਦਾ ਸੈਂਪਲ ਵੀ ਜਾਰੀ ਕੀਤਾ ਹੈ।IMG_20220525_155757.jpg