ਗਰੀਬ ਪਰਿਵਾਰਾਂ ਦੇ ਬੱਚਿਆਂ ਦੇ ਸੁਪਨੇ ਹੋਣਗੇ ਸਾਕਾਰ

in #punjab2 years ago

ਅੰਮ੍ਰਿਤਸਰ: 2014 ਵਿੱਚ ਪੰਜਾਬ ਦੀ ਉਸ ਵੇਲੇ ਦੀ ਸ਼੍ਰੋਮਣੀ ਅਕਾਲੀ ਦਲ ਅਤੇ ਬਾਜਪਾ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਸੂਬੇ ਵਿੱਚ ਮੈਰੀਟੋਰੀਅਸ ਸਕੂਲਾਂ ਦਾ ਉਦਘਾਟਨ ਕੀਤਾ ਗਿਆ ਸੀ। ਇਨ੍ਹਾਂ ਸਕੂਲਾਂ ਦਾ ਮੁੱਖ ਮੰਤਵ ਉਨ੍ਹਾਂ ਗਰੀਬ ਪਰਿਵਾਰਾਂ ਦੇ ਬੱਚਿਆਂ ਦੇ ਸੁਪਨਿਆਂ ਨੂੰ ਪੂਰਾ ਕਰਨਾ ਸੀ ਜੋ ਕਿਸੇ ਕਾਰਨ ਵੱਜੋਂ ਆਪਣੀ ਪੜ੍ਹਾਈ ਅਧੂਰੀ ਹੀ ਛੱਡ ਦਿੰਦੇ ਸਨ। ਇਹ ਸਕੂਲ ਸਿਰਫ਼ 11ਵੀਂ ਅਤੇ 12ਵੀਂ ਜਮਾਤ ਲਈ ਹੀ ਬਣੇ ਹਨ।
ਇਹ ਤਸਵੀਰਾਂ ਨੇ ਅੰਮ੍ਰਿਤਸਰ ਦੇ ਅਟਾਰੀ ਬਾਈਪਾਸ ਰੋਡ 'ਤੇ ਸਥਿਤ ਸੀਨੀਅਰ ਸਕੈਂਡਰੀ ਰੈਜ਼ੀਡੈਨਸ਼ੀਅਲ ਸਕੂਲ ਫਾਰ ਮੈਰੀਟੋਰੀਅਸ ਸਟੂਡੈਂਟਸ ਦੀਆਂ ਜਿੱਥੇ ਕਿ ਵਿਦਿਆਰਥੀਆਂ ਦੀ ਸਹੂਲਤ ਲਈ ਵੱਖ ਵੱਖ ਤਰ੍ਹਾਂ ਦੇ ਲੈਬ ਅਤੇ ਸਮਾਰਟ ਕਲਾਸਾਂ ਬਣਾਈਆਂ ਗਈਆਂ ਹਨ।
ਇਹ ਸਕੂਲ 10 ਏਕੜ ਦੀ ਜਗ੍ਹਾ ਵਿੱਚ ਫੈਲਿਆ ਹੋਇਆ ਹੈ। ਇਨ੍ਹਾਂ ਸਕੂਲਾਂ ਦੇ ਨਿਯਮਾਂ ਦੇ ਮੁਤਾਬਿਕ ਜਿਹੜੇ ਵੀ ਵਿਦਿਆਰਥੀ ਇੱਥੇ ਪੜ੍ਹਦੇ ਹਨ, ਉਹ ਇਸ ਸਕੂਲ ਦੇ ਦਾਇਰੇ ਦੇ ਅਧੀਨ ਆਉਂਦੇ ਹੋਸਟਲਾਂ ਦੇ ਵਿੱਚ ਹੀ ਰਹਿੰਦੇ ਹਨ।
ਗੱਲਬਾਤ ਕਰਦਿਆਂ ਮੈਰੀਟੋਰੀਅਸ ਸਕੂਲ ਦੇ ਵਾਈਸ ਪ੍ਰਿੰਸੀਪਲ ਦਲਜੀਤ ਕੌਰ ਨੇ ਦੱਸਿਆ ਕਿ ਇੱਥੇ ਪੜ੍ਹ ਰਹੇ ਲੜਕੇ ਅਤੇ ਲੜਕੀਆਂ ਦੀ ਸਹੂਲਤ ਲਈ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਭੋਜਨ ਤੋਂ ਲੈ ਕੇ ਖੇਡਾਂ ਤੱਕ ਹਰ ਤਰ੍ਹਾਂ ਦੀ ਸੁਵਿਧਾ ਮੁਹੱਈਆ ਕਰਵਾਈ ਗਈ ਹੈ। ਇੱਥੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਵਜੋਂ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਵੀ ਮੁਫ਼ਤ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ।ਪੰਜਾਬ ਵਿਚ ਮੌਜੂਦਾ ਸਮੇਂ 'ਚ 10 ਮੈਰੀਟੋਰੀਅਸ ਸਕੂਲ ਚੱਲ ਰਹੇ ਹਨ।