ਤੇਜ਼ ਤੁਫਾਨ ਨੇ ਕੀਤਾ ਭਾਰੀ ਨੁਕਸਾਨ

in #punjab2 years ago

ਪਵਨ ਗਰਗ, ਬਾਘਾਪੁਰਾਣਾ : ਬੀਤੀ ਰਾਤ ਕਰੀਬ ਦੋ ਵਜੇ ਆਏ ਤੇਜ਼ ਤੂਫਾਨ ਅਤੇ ਬਾਰਿਸ਼ ਨੇ ਪਿੰਡ ਭਲੂਰ ਅਤੇ ਆਸ-ਪਾਸ ਦੇ ਇਲਾਕੇ ਵਿਚ ਭਾਰੀ ਤਬਾਹੀ ਮਚਾਈ। ਇਸ ਸਮੇਂ ਜਿੱਥੇ ਲੋਕਾਂ ਦੇ ਪਸ਼ੂਆਂ ਵਾਸਤੇ ਪਾਏ ਹੋਏ ਸ਼ੈੱਡ ਹਨੇਰੀ ਨੇ ਪੁੱਟ ਕੇ ਦੂਰ-ਦੂਰ ਤਕ ਖਿਲਾਰ ਦਿੱਤੇ ਉੱਥੇ ਹੀ ਦਰੱਖਤਾਂ ਨੂੰ ਵੀ ਮਲੀਆਮੇਟ ਕਰ ਦਿੱਤਾ।

ਇਸ ਦੌਰਾਨ ਬਿਜਲੀ ਵਿਭਾਗ ਦਾ ਵੱਡੇ ਪੱਧਰ 'ਤੇ ਨੁਕਸਾਨ ਹੋਇਆ।ਰਾਤ ਦੇ ਸਮੇਂ ਆਈ ਹਨੇਰੀ ਨਾਲ ਜਿੱਥੇ ਦਰੱਖਤਾਂ ਦੇ ਡਿੱਗਣ ਨਾਲ ਬਿਜਲੀ ਦੀਆਂ ਤਾਰਾਂ ਦਾ ਨੁਕਸਾਨ ਹੋਇਆ ਅਤੇ ਬਿਜਲੀ ਬੰਦ ਹੋ ਗਈ। ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੇ ਬਹੁਤ ਮਿਹਨਤ ਨਾਲ ਦੁਪਹਿਰ ਤਕ ਜਿਵੇਂ ਹੀ ਬਿਜਲੀ ਦੀ ਸਪਲਾਈ ਬਹਾਲ ਕੀਤੀ ਤਾਂ ਫਿਰ ਬਾਰਿਸ਼ ਅਤੇ ਤੇਜ਼ ਹਵਾ ਨੇ ਤੂਫਾਨ ਦਾ ਰੂਪ ਧਾਰਨ ਕਰ ਲਿਆ, ਜਿਸ ਨਾਲ ਰਹਿੰਦੀ ਕਸਰ ਵੀ ਪੂਰੀ ਹੋ ਗਈ।

ਇਸ ਮੌਕੇ ਪਿੰਡ ਦੇ ਹੀ ਜੋਗਾ ਸਿੰਘ ਦੇ ਘਰ ਖੜ੍ਹੀ ਕਾਰ ਕੰਧ ਡਿੱਗਣ ਨਾਲ ਚਕਨਾਚੂਰ ਹੋ ਗਈ। ਤੇਜ਼ ਬਾਰਿਸ਼ ਦਾ ਪਾਣੀ ਲੋਕਾਂ ਦੇ ਘਰਾਂ ਅੰਦਰ ਤਕ ਚਲਾ ਗਿਆ। ਪਿੰਡ ਦੇ ਸਰਪੰਚ ਪਾਲਾ ਸਿੰਘ ਨੇ ਆਪਣੇ ਸਾਥੀ ਪੰਚਾਂ ਸਮੇਤ ਵੱਖ-ਵੱਖ ਘਰਾਂ ਵਿਚ ਜਾ ਕੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਦੱਸਿਆ ਕਿ ਇਕੱਲੇ ਪਿੰਡ ਭਲੂਰ ਵਿਚ ਹੀ ਲੱਖਾਂ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਮਾਲ ਵਿਭਾਗ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਵਾਸਤੇ ਤੁਰੰਤ ਹਦਾਇਤਾਂ ਕਰਨ ਅਤੇ ਜਿਨ੍ਹਾਂ ਨਗਰ ਵਾਸੀਆਂ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਦੀ ਭਰਪਾਈ ਕਰਦੇ ਹੋਏ ਉਨ੍ਹਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਪੰਚ ਬਲਦੇਵ ਸਿੰਘ, ਪੰਚ ਗੁਰਸੇਵਕ ਸਿੰਘ, ਪੰਚ ਮੰਗਲ ਸਿੰਘ, ਪੰਚ ਲਾਭ ਸਿੰਘ, ਪੰਚ ਪਿਆਰਾ ਸਿੰਘ, ਪੰਚ ਮਿਹਰ ਸਿੰਘ, ਕੁਲਵਿੰਦਰ ਕੌਰ ਆਦਿ ਹਾਜ਼ਰ ਸਨ।n3904748081653756506141ce9d8f077f3f1efa13873e158d8dfecdf58a3129d9be43df2e6121e7ee5582af.jpg