ਔਰਤਾਂ ਨੂੰ ਕਰਵਾਇਆ ਜਾਵੇਗਾ ਮੁਫ਼ਤ 70 ਘੰਟੇ ਦਾ ਆਨਲਾਈਨ ਕੋਰਸ - ਲੁਧਿਆਣਾ

in #punjab2 years ago

ਲੁਧਿਆਣਾ, 5 ਮਈ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਔਰਤਾਂ ਦੇ ਹਿੱਤ ਵਿੱਚ ਅਹਿਮ ਫੈਸਲਾ ਲਿਆ ਹੈ, ਜਿਸ ਮੁਤਾਬਕ ਮਾਈਕ੍ਰੋਸਾਫਟ ਰਾਹੀਂ ਔਰਤਾਂ ਨੂੰ ਮੁਫ਼ਤ ਸਰਟੀਫਿਕੇਟ ਕੋਰਸ ਕਰਵਾਇਆ ਜਾਵੇਗਾ, ਜਿਸ ਨਾਲ ਔਰਤਾਂ ਨੌਕਰੀ ਕਰਕੇ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਦੇ ਕਾਬਲ ਬਣਨਗੀਆਂ।
ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਈਕਰੋਸੌਫਟ ਅਤੇ ਪੀ.ਐਸ.ਡੀ.ਐਮ. ਨੇ ਪੰਜਾਬ ਵਿੱਚ ਦੱਸ ਹਜ਼ਾਰ ਤੋਂ ਵੱਧ ਮਹਿਲਾਵਾਂ ਦੇ ਸਸ਼ਕਤੀਕਰਨ ਲਈ ਅਤੇ ਨੌਕਰੀ ਲੈਣ ਦੇ ਕਾਬਲ ਬਣਾਉਣ ਲਈ ਸਾਂਝੇਦਾਰੀ ਕੀਤੀ ਹੈ।
ਸੂਬੇ ਵਿੱਚ ਬੇਰੁਜ਼ਗਾਰੀ ਨੂੰ ਘਟਾਉਣ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਗਰੀਬ ਬੇਰੋਜ਼ਗਾਰ ਨੌਜਵਾਨ ਲੜਕੇ ਲੜਕੀਆਂ ਲਈ ਮੁਫ਼ਤ ਕਿੱਤਾਮੁਖੀ ਕੋਰਸ ਕਰਵਾਏ ਜਾਂਦੇ ਹਨ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਲੜੀ ਦੇ ਤਹਿਤ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਜ਼ਿਲ੍ਹਾ ਲੁਧਿਆਣਾ ਦੀਆਂ ਮਹਿਲਾਵਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ 70 ਘੰਟੇ ਦਾ ਆਨਲਾਈਨ ਕੋਰਸ ਕਰਵਾਇਆ ਜਾਵੇਗਾ। ਉਨ੍ਹਾ ਦੱਸਿਆ ਕਿ ਇਹ ਕੋਰਸ ਚਾਰ ਖੇਤਰਾਂ ਵਿੱਚ ਫੋਕਸ ਕਰੇਗਾ ਜਿਸ ਵਿੱਚ ਪਹਿਲਾ ਡਿਜੀਟਲ ਉਤਪਾਦਕਾਂ, ਦੂਸਰਾ ਅੰਗਰੇਜ਼ੀ, ਤੀਸਰਾ ਰੁਜ਼ਗਾਰ ਯੋਗਤਾ ਅਤੇ ਚੌਥਾ ਉਦੱਮਤਾ ਸ਼ਾਮਲ ਹਨ।