ਆੜ੍ਹਤੀ ਦੀ ਦੁਕਾਨ ਤੋਂ ਦਿਨ-ਦਿਹਾੜੇ 5 ਲੱਖ ਤੋਂ ਵਧੇਰੇ ਦੀ ਨਕਦੀ ਚੋਰੀ

in #punjab2 years ago

ਮਨਦੀਪ ਅੱਤਰੀ
ਭਵਾਨੀਗੜ੍ਹ, 27theft.jpg ਮਈ, 2022: ਭਵਾਨੀਗੜ੍ਹ ਇਲਾਕੇ ਚੋਰਾਂ ਵੱਲੋਂ ਅੱਜ ਦਿਨ-ਦਿਹਾੜੇ ਸ਼ਹਿਰ ਦੀ ਅਨਾਜ ਮੰਡੀ 'ਚ ਇਕ ਆੜ੍ਹਤੀ ਦੀ ਦੁਕਾਨ ’ਤੇ ਪਈ ਸਾਢੇ 5 ਲੱਖ ਰੁਪਏ ਦੇ ਕਰੀਬ ਦੀ ਨਕਦੀ ਚੋਰੀ ਕਰਕੇ ਰਫੂ ਚੱਕਰ ਹੋ ਜਾਣ ਦੀ ਜਾਣਕਾਰੀ ਮਿਲੀ ਹੈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਬ੍ਰਿਜ ਲਾਲ ਸ਼ਾਮ ਲਾਲ ਆੜ੍ਹਤੀ ਦੁਕਾਨ ਦੇ ਮਾਲਕ ਵਿਨੋਦ ਕੁਮਾਰ ਮੋਦੀ ਨੇ ਦੱਸਿਆ ਕਿ ਅੱਜ ਦੁਪਹਿਰ ਕਰੀਬ 2:30 ਵਜੇ ਉਹ ਰੋਟੀ ਖਾਣ ਲਈ ਦੁਕਾਨ ਤੋਂ ਆਪਣੇ ਘਰ ਗਏ ਸਨ। ਇਸ ਦੌਰਾਨ ਹੀ ਚੋਰਾਂ ਨੇ ਉਨ੍ਹਾਂ ਦੀ ਦੁਕਾਨ 'ਚ ਬਣੇ ਦਫ਼ਤਰ ਦੇ ਦਰਵਾਜ਼ੇ ਦਾ ਹੈਂਡਲ ਲਾਕ ਕਿਸੇ ਕਟਰ ਦੀ ਮਦਦ ਨਾਲ ਕੱਟ ਕੇ ਦਫ਼ਤਰ ਅੰਦਰ ਰੱਖੇ ਟੇਬਲ ਦੇ ਦਰਾਜ ’ਚ ਪਈ ਸਾਢੇ 5 ਲੱਖ ਰੁਪਏ ਦੇ ਕਰੀਬ ਦੀ ਨਕਦੀ ਚੋਰੀ ਕਰ ਲਈ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਸਬੰਧੀ ਉਨ੍ਹਾਂ ਦੇ ਡਰਾਈਵਰ ਨੇ ਸੂਚਿਤ ਕੀਤਾ। ਡਰਾਈਵਰ ਅਨੁਸਾਰ ਉਹ ਰੋਟੀ ਖਾਣ ਲਈ ਦੁਪਹਿਰ ਇਕ ਡੇਢ ਵਜੇ ਘਰ ਚਲਾ ਗਿਆ ਸੀ ਤੇ ਜਦੋਂ ਉਹ ਰੋਟੀ ਖਾ ਕੇ 3:30 ਵਜੇ ਦੁਕਾਨ ’ਤੇ ਵਾਪਸ ਆਇਆ ਤਾਂ ਦੇਖਿਆ ਕਿ ਦੁਕਾਨ ਦੇ ਦਫ਼ਤਰ ਦੇ ਦਰਵਾਜ਼ੇ ਦਾ ਹੈਂਡਲ ਲਾਕ ਤੋੜਿਆ ਪਿਆ ਸੀ, ਜਿਸ ਦੀ ਸੂਚਨਾ ਉਸ ਨੇ ਆਪਣੇ ਮਾਲਕਾਂ ਨੂੰ ਦਿੱਤੀ। ਘਟਨਾ ਦੀ ਸੂਚਨਾ ਆੜ੍ਹਤੀ ਵਿਨੋਦ ਕੁਮਾਰ ਨੇ ਪੁਲਸ ਨੂੰ ਦਿੱਤੀ। ਮੌਕੇ 'ਤੇ ਪੁਲਸ ਪਾਰਟੀ ਸਮੇਤ ਪਹੁੰਚੇ ਥਾਣਾ ਮੁਖੀ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਨੇ ਘਟਨਾ ਦਾ ਜਾਇਜ਼ਾ ਲਿਆ ਤੇ ਚੋਰਾਂ ਦਾ ਪਤਾ ਲਗਾਉਣ ਲਈ ਅਨਾਜ ਮੰਡੀ ’ਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਖੰਗਾਲੇ।

ਜ਼ਿਕਰਯੋਗ ਹੈ ਕਿ ਸ਼ਹਿਰ ’ਚ ਲਗਾਤਾਰ ਵਾਪਰ ਰਹੀਆਂ ਚੋਰੀ ਦੀਆਂ ਘਟਨਾਵਾਂ ਨੂੰ ਲੈ ਕੇ ਇਲਾਕਾ ਨਿਵਾਸੀਆਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਹਿਰ ’ਚ ਜਗ੍ਹਾ-ਜਗ੍ਹਾ ਸੀ.ਸੀ.ਟੀ.ਵੀ. ਕੈਮਰੇ ਲੱਗੇ ਹੋਏ ਹਨ ਪਰ ਫਿਰ ਵੀ ਅੱਜ ਤੱਕ ਇਕ ਵੀ ਚੋਰੀ ਦੀ ਘਟਨਾ ਲਈ ਜ਼ਿੰਮੇਵਾਰ ਗਿਰੋਹ ਨਹੀਂ ਫੜਿਆ ਗਿਆ, ਜਿਸ ਕਰਕੇ ਚੋਰ ਇਥੇ ਬੇਖੌਫ ਘੁੰਮ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਗਿਰੋਹ ਵੱਲੋਂ ਰਾਤ ਨੂੰ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ ਅਤੇ ਹੁਣ ਇਨ੍ਹਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਇਹ ਦਿਨ ਸਮੇਂ ਵੀ ਚੋਰੀਆਂ ਕਰਨ ਲੱਗ ਪਏ ਹਨ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਲਾਕੇ ’ਚ ਸਰਗਰਮ ਚੋਰ ਗਿਰੋਹ ਨੂੰ ਜਲਦ ਕਾਬੂ ਕੀਤਾ ਜਾਵੇ।

Sort:  

🤔🙏

🙏