ਹੁਣ ਸਕੂਲਾਂ 'ਚ ਵੀ ਗੁੰਡਾਗਰਦੀ! ਪ੍ਰਾਈਵੇਟ ਸਕੂਲ ਦੇ ਵਿਦਿਆਰਥੀਆਂ ਨੇ ਮਚਾਈ ਦਹਿਸ਼ਤ

in #punjablast year

ਹੁਣ ਸਕੂਲਾਂ 'ਚ ਵੀ ਗੁੰਡਾਗਰਦੀ ਸ਼ੁਰੂ ਹੋ ਗਈ ਹੈ। ਲੁਧਿਆਣਾ ਦੇ ਇੱਕ ਪ੍ਰਾਈਵੇਟ ਸਕੂਲ ਦੇ ਵਿਦਿਆਰਥੀਆਂ ਨੇ ਸ਼ਹਿਰ ਵਿੱਚ ਸ਼ਰੇਆਮ ਦਹਿਸ਼ਤ ਮਚਾਈ ਹੈ। ਇਸ ਦੀ ਵੀਡੀਓ ਵਾਇਰਲ ਹੋ ਰਹੀ ਹੈ। ਵਿਦਿਆਰਥੀ 10ਵੀਂ ਤੇ 11ਵੀਂ ਜਮਾਤ ਦੇ ਵਿਦਿਆਰਥੀ ਹਨ।ਹਾਸਲ ਜਾਣਕਾਰੀ ਮੁਤਾਬਕ ਲੁਧਿਆਣਾ ਜ਼ਿਲ੍ਹੇ ਦੇ ਪੱਖੋਵਾਲ ਰੋਡ 'ਤੇ ਫਰਾਈਡ ਹੇਰਾ ਫੇਰੀ ਫਾਸਟ ਫੂਡ ਦੇ ਬਾਹਰ ਸਕੂਲੀ ਵਿਦਿਆਰਥੀ ਆਪਸ ਵਿੱਚ ਭਿੜ ਗਏ।ਇਸ ਬਾਰੇ ਦੁਕਾਨਦਾਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਦੇ ਬਾਹਰ ਇੱਕ ਵਿਦਿਆਰਥੀ ਖੜ੍ਹਾ ਸੀ। ਕਰੀਬ 15 ਤੋਂ 20 ਨੌਜਵਾਨ ਉਸ ਕੋਲ ਆਏ। ਉਨ੍ਹਾਂ ਦੀ ਕਿਸੇ ਗੱਲ ਨੂੰ ਲੈ ਕੇ ਆਪਸ ਵਿੱਚ ਬਹਿਸ ਹੋ ਗਈ ਸੀ। ਨੌਜਵਾਨਾਂ ਨੇ ਉਸ ਨਾਲ ਲੜਾਈ ਸ਼ੁਰੂ ਕਰ ਦਿੱਤੀ।

ਹਰਵਿੰਦਰ ਸਿੰਘ ਨੇ ਦੱਸਿਆ ਕਿ ਵਿਦਿਆਰਥੀ ਨੇ ਆਪਣੇ ਬਚਾਅ ਲਈ ਰੌਲਾ ਪਾਇਆ। ਉਹ ਦੁਕਾਨ ਤੋਂ ਬਾਹਰ ਆ ਕੇ ਵਿਦਿਆਰਥੀਆਂ ਦੀ ਲੜਾਈ ਨੂੰ ਨਿਪਟਾਉਣ ਲਈ ਚਲਾ ਗਿਆ। ਹਮਲਾਵਰਾਂ ਨੇ ਉਸ ਦੀ ਦੁਕਾਨ ਦੇ ਦਰਵਾਜ਼ੇ ਤੇ ਸਟੈਂਡਿੰਗ ਤੋੜਨੀ ਸ਼ੁਰੂ ਕਰ ਦਿੱਤੀ।

ਹਰਵਿੰਦਰ ਸਿੰਘ ਨੇ ਦੱਸਿਆ ਕਿ ਦੁਕਾਨ ਦੇ ਬਾਹਰ ਸ਼ਰੇਆਮ ਇਸ ਤਰ੍ਹਾਂ ਦੀ ਗੁੰਡਾਗਰਦੀ ਪੁਲਿਸ ਦੀ ਢਿੱਲੀ ਕਾਰਜਸ਼ੈਲੀ ਨੂੰ ਦਰਸਾਉਂਦੀ ਹੈ। ਇਹ ਘਟਨਾ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਹਮਲਾਵਰ ਪੱਖੋਵਾਲ ਰੋਡ ਸਥਿਤ ਇੱਕ ਪ੍ਰਾਈਵੇਟ ਸਕੂਲ ਦੇ ਵਿਦਿਆਰਥੀ ਹਨ। ਉਸ ਨੇ ਲੜਾਈ ਸਬੰਧੀ ਥਾਣਾ ਦੁੱਗਰੀ ਦੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਹੈ।