PPSC ਦੀ ਪ੍ਰੀਖਿਆ ਵਿਚੋਂ ਪੰਜਾਬੀ ਹਟਾਏ ਜਾਣ ਤੇ ਮਾਂਨ ਸਰਕਾਰ ਵਿਰੁੱਧ ਬੋਲੇ ਸਨ ਮਨਿੰਦਰ ਸਿਰਸਾ।

in #punjab2 years ago

ਚੰਡੀਗੜ੍ਹ: ਭਾਜਪਾ ਆਗੂ ਮਨਜਿੰਦਰ ਸਿਰਸਾ ਨੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ 'ਆਪ' ਸਰਕਾਰ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਦੀਆਂ ਬੋਰਡ ਪ੍ਰੀਖਿਆਵਾਂ ਵਿੱਚੋਂ ਪੰਜਾਬੀ ਨੂੰ ਹਟਾ ਦਿੱਤਾ ਹੈ।
ਇਸ ਦੇ ਨਾਲ ਹੀ ਸਿਰਸਾ ਨੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਇਸ ਨੂੰ ਬੰਦ ਨਾ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ 'ਆਪ' ਦੀ ਦਿੱਲੀ ਸਰਕਾਰ ਨੂੰ ਪੰਜਾਬੀਆਂ ਤੇ ਸਿੱਖਾਂ ਨਾਲ ਵਿਤਕਰਾ ਕਰਨ ਦੇ ਦੋਸ਼ ਲਾਉਂਦਿਆ ਘੇਰਿਆ। ਹਾਲਾਂਕਿ ਅਜੇ ਤੱਕ ਇਸ 'ਤੇ ਮਾਨ ਸਰਕਾਰ ਜਾਂ ਆਮ ਆਦਮੀ ਪਾਰਟੀ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ।

ਮਨਜਿੰਦਰ ਸਿਰਸਾ ਨੇ ਕਿਹਾ ਕਿ ਪੀਸੀਐਸ ਦੀ ਪ੍ਰੀਖਿਆ 'ਚ ਪੰਜਾਬੀ 'ਤੇ ਪਾਬੰਦੀ ਲਗਾਈ ਗਈ ਹੈ। ਸਰਕਾਰ ਦਾ ਇਹ ਹੁਕਮ ਵੀ ਆ ਗਿਆ ਹੈ। ਜਦੋਂ ਕੱਲ੍ਹ ਇਸ ਦੇ ਟੈਸਟ ਲਏ ਗਏ ਤਾਂ ਬਿਨੈਕਾਰ ਵੀ ਹੈਰਾਨ ਰਹਿ ਗਏ ਕਿ ਇਸ ਵਿੱਚ ਪੰਜਾਬੀ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਉਨ੍ਹਾਂ ਵੀਡੀਓ ਨੂੰ ਟਵੀਟ ਕਰਦਿਆਂ ਇਸ 'ਚ ਕਿਹਾ ਕਿ ਮੈਂ ਭਗਵੰਤ ਮਾਨ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਪੰਜਾਬੀ ਮਾਂ ਬੋਲੀ ਸਾਡੀ ਸਭ ਦੀ ਹੈ। ਇਸ ਨੂੰ ਬੰਦ ਨਾ ਕਰੋ। ਅੱਜ ਪੰਜਾਬ ਪਬਲਿਕ ਸਰਵਿਸ ਕਮਿਸ਼ਨ 'ਚ ਬੰਦ ਕੀਤੀ ਗਈ ਹੈ, ਹੌਲੀ-ਹੌਲੀ ਪੰਜਾਬ ਦੇ ਸਕੂਲਾਂ 'ਚ ਵੀ ਬੰਦ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਕਮਿਸ਼ਨ ਦੇ ਪੇਪਰ ਪੰਜਾਬੀ ਵਿੱਚ ਹੋਣੇ ਚਾਹੀਦੇ ਹਨ।

ਦੱਸ ਦਈਏ ਕਿ ਐਤਵਾਰ ਨੂੰ ਨਾਇਬ ਤਹਿਸੀਲਦਾਰ ਦੀਆਂ 78 ਅਸਾਮੀਆਂ ਲਈ ਪ੍ਰੀਖਿਆ ਹੋਈ। ਇਸ ਵਿੱਚ ਪੰਜਾਬੀ ਦਾ ਪ੍ਰਸ਼ਨ ਪੱਤਰ ਨਹੀਂ ਦਿੱਤਾ ਗਿਆ। ਉਮੀਦਵਾਰਾਂ ਨੇ ਇਸ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਇਹ ਪੰਜਾਬ ਭਾਸ਼ਾ ਐਕਟ 1967 ਤੇ ਪੰਜਾਬ ਭਾਸ਼ਾ (ਸੋਧ) ਐਕਟ 2008 ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਨਾਇਬ ਤਹਿਸੀਲਦਾਰ ਦਾ ਬਹੁਤਾ ਕੰਮ ਪੰਜਾਬੀ ਵਿੱਚ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਪ੍ਰਸ਼ਨ ਪੱਤਰ ਸਿਰਫ਼ ਅੰਗਰੇਜ਼ੀ ਵਿੱਚ ਦੇਣਾ ਪੰਜਾਬੀਆਂ ਨਾਲ ਧੋਖਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਦੀ ਪ੍ਰੀਖਿਆ ਦੁਹਰਾਈ ਜਾਣੀ ਚਾਹੀਦੀ ਹੈ।

ਸਿਰਸਾ ਨੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਦਿੱਲੀ ਦੇ ਅੰਦਰ ਵੀ ਅਜਿਹਾ ਹੀ ਹੋਇਆ। ਸਕੂਲਾਂ 'ਚ ਪੰਜਾਬੀ 'ਤੇ ਪਾਬੰਦੀ ਲਗਾ ਦਿੱਤੀ ਗਈ। ਪੰਜਾਬੀ ਅਧਿਆਪਕਾਂ ਦੀ ਭਰਤੀ ਰੋਕ ਦਿੱਤੀ ਗਈ। ਇੱਥੋਂ ਤੱਕ ਕਿ ਮੰਤਰੀਆਂ ਦੇ ਨਾਲ ਆਏ ਪੰਜਾਬੀ ਕਲਰਕਾਂ ਨੂੰ ਵੀ ਹਟਾ ਦਿੱਤਾ ਗਿਆ। ਸਿੱਖ ਮੰਤਰੀ ਨੂੰ ਦਿੱਲੀ ਸਰਕਾਰ ਵਿੱਚੋਂ ਵੀ ਕੱਢ ਦਿੱਤਾ ਗਿਆ।