ਮੁੱਖ ਮੰਤਰੀ ਪਹੁੰਚੇ ਪਵਿੱਤਰ ਕਾਲੀ ਵੇਈਂ ਦੀ 22ਵੀਂ ਵਰ੍ਹੇਗੰਢ ਮੌਕੇ ਸਮਾਗਮ ’ਚ ਕਰਨ ਸ਼ਿਰਕਤ

in #punjab2 years ago

IMG_20220717_173203.jpgਸੁਲਤਾਨਪੁਰ ਲੋਧੀ : ਇਤਿਹਾਸਕ ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਪ੍ਰਕਾਸ਼ ਅਸਥਾਨ ਪਵਿੱਤਰ ਵੇਈ ਕੰਢੇ ਪਵਿੱਤਰ ਵੇਈਂ ਦੀ 22ਵੀੰ ਵਰੇਗੰਢ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਦਾਣਾ ਮੰਡੀ ਸੁਲਤਾਨਪੁਰ ਲੋਧੀ ਵਿਖੇ ਹੈਲੀਕਾਪਟਰ ਤੋਂ ਉਤਰ ਕੇ ਪਵਿੱਤਰ ਵੇਈਂ ਕੰਢੇ ਪਹੁੰਚਣ ਤੇ ਰਾਜ ਸਭਾ ਮੈਂਬਰ ਪਦਮ ਸ੍ਰੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵੱਲੋਂ ਉਹਨਾਂ ਦਾ ਸਵਾਗਤ ਕਰਦਿਆਂ ਜੀ ਆਇਆ ਕਿਹਾ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਵਿੱਤਰ ਵੇਈਂ ਕੰਢੇ ਇੱਕ ਬੂਟਾ ਲਗਾ ਕੇ ਵਾਤਾਵਰਣ ਨੂੰ ਬਚਾਉਣ ਲਈ ਪ੍ਰੇਰਿਤ ਕੀਤਾ। ਉਪਰੰਤ ਮੁੱਖ ਮੰਤਰੀ ਪੰਜਾਬ ਗੁਰਦੁਆਰਾ ਪ੍ਰਕਾਸ਼ ਅਸਥਾਨ ਵਿਖੇ ਨਤਮਸਤਕ ਹੋਏ ਅਤੇ ਉਨ੍ਹਾਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।

ਪਵਿੱਤਰ ਵੇਈਂ ਦੀ 22ਵੀੰ ਵਰੇਗੰਢ ਦੇ ਸਲਾਨਾ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਤਾਂ ਮਹਾਂਪੁਰਸ਼ਾਂ, ਨਾਮਵਰ ਸਖਸ਼ੀਅਤਾਂ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਹਾਜਰੀ ਲਗਵਾਈ ਗਈ। ਇਸ ਮੌਕੇ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਵੱਲੋਂ ਪਵਿੱਤਰ ਵੇਈਂ ਦੀ ਪਿਛਲੇ 22 ਸਾਲਾਂ ਤੋਂ ਕੀਤੀ ਜਾ ਰਹੀ ਕਾਰ ਸੇਵਾ ਰਾਹੀਂ ਕਾਲੀ ਵੇਈੰ ਨੂੰ ਪ੍ਰਦੂਸ਼ਣ ਮੁਕਤ ਕਰਵਾਉਣ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਆਪਣੇ ਸੰਬੋਧਨ ਵਿੱਚ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵੱਲੋਂ ਪਵਿੱਤਰ ਵੇਈਂ ਦੀ ਪਵਿੱਤਰਤਾ ਨੂੰ 22 ਸਾਲਾਂ ਦੀ ਲੰਬੀ ਮਿਹਨਤ ਨਾਲ ਪਵਿੱਤਰ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਬਾਬੇ ਨਾਨਕ ਦੀ ਚਰਨ ਛੋਹ ਪ੍ਰਾਪਤ ਇਸ ਪਵਿੱਤਰ ਵੇਈਂ ਨੂੰ ਵੀ ਜੇਕਰ ਸਾਫ ਤੇ ਸਵੱਛ ਨਹੀਂ ਕਰ ਸਕਦੇ ਤਾਂ ਹੋਰ ਕੀ ਕਰਾਂਗੇ। ਉਨ੍ਹਾਂ ਕਿਹਾ ਕਿ ਸਾਨੂੰ ਅੱਜ ਲੋੜ ਹੈ ਵਾਤਾਵਰਣ ਸੰਭਾਲਣ ਦੀ ਤਾਂ ਜੋ ਅਸੀਂ ਆਪਣਾ ਜੀਵਨ ਜੀ ਸਕੀਏ। ਜਿਹੜੇ ਮਾਲੀਆਂ ਨੂੰ ਬਾਗ ਦੀ ਰਾਖੀ ਲਈ ਲਗਾਇਆ ਸੀ ਉਹਨਾਂ ਨੇ ਹੀ ਬਾਗ ਉਜਾੜ ਦਿੱਤੇ ਤੇ ਵੇਚ ਦਿੱਤੇ। ਸਭ ਤੋਂ ਪਹਿਲਾਂ ਅਸੀਂ ਫੈਸਲਾ ਲਿਆ ਕਿ ਧਰਤੀ ਹੇਠਲਾ ਪਾਣੀ ਕਿਵੇਂ ਬਚਾਉਣਾ ਹੈ ਅਸੀਂ ਦਿਨ ਰਾਤ ਯਤਨ ਅਰੰਭ ਕਰ ਦਿੱਤੇ ਹਨ।

ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਬਚਾਉਣ ਲਈ ਹਰੇਕ ਕਿਸਾਨ ਆਪਣੇ ਖੂਹ ਤੇ 5-5 ਬੂਟੇ ਜਰੂਰ ਲਗਾਉਣ। ਅਸੀਂ ਇਕੱਲੇ ਕੁਝ ਨਹੀਂ ਕਰ ਸਕਦੇ ਤੁਹਾਡਾ ਸਭ ਦਾ ਸਾਥ ਚਾਹੀਦਾ ਹੈ ਤਾਂ ਜੋ ਅਸੀਂ ਆਪਣੀ ਪੰਜਾਬ ਦੀ ਪਵਿੱਤਰ ਧਰਤੀ ਨੂੰ ਬਚਾ ਸਕੀਏ। ਉਹਨਾਂ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦੇ ਰਾਜ ਸਭਾ ਵਿੱਚ ਜਾਣ ਤੇ ਖੁਸ਼ੀ ਪ੍ਰਗਟ ਕੀਤੀ ਕਿ ਉਹ ਰਾਜ ਸਭਾ ਵਿਚ ਜਾ ਕੇ ਪੰਜਾਬ ਦੇ ਮੁੱਦਿਆਂ ਦੀ ਗੱਲ ਨੂੰ ਵਿਸਥਾਰ ਪੂਰਵਕ ਪੇਸ਼ ਕਰਨਗੇ। ਉਹਨਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਸਭ ਰਲ ਮਿਲ ਕੇ ਵਾਤਾਵਰਣ ਨੂੰ ਬਚਾਉਣ ਲਈ ਇੱਕ ਮੁੱਠ ਹੋ ਕੇ ਵੱਧ ਤੋਂ ਵੱਧ ਰੁੱਖ ਲਗਾਈਏ ਤੇ ਬਾਬਾ ਸੀਚੇਵਾਲ ਤੇ ਸਰਕਾਰ ਦਾ ਸਾਥ ਦੇਈਏ। ਉਨ੍ਹਾਂ ਕਿਹਾ ਕਿ ਅਸੀਂ ਕੁਦਰਤ ਦੀ ਦੇਣ ਨਾਲ ਲਗਾਤਾਰ ਖਿਲਵਾੜ ਕੀਤਾ ਜਾ ਰਿਹਾ ਹੈ ਤੇ ਸਾਨੂੰ ਕੁਦਰਤ ਨਾਲ ਛੇੜਛਾੜ ਨਹੀਂ ਕਰਨੀ ਚਾਹੀਦੀ ਨਹੀਂ ਤਾਂ ਇੱਕ ਦਿਨ ਕੁਦਰਤ ਵੀ ਸਾਨੂੰ ਸਬਕ ਸਿਖਾਏਗੀ। ਪਵਿੱਤਰ ਕਾਲੀ ਵੇਈੰ ਦਾ ਪਾਣੀ ਪੀਣ ਦਾ ਅੱਜ ਸਭਾਗ ਪ੍ਰਾਪਤ ਹੋਇਆ ਹੈ ਤੇ ਆਪਣੇ ਆਪ ਨੂੰ ਧੰਨ ਸਮਝਦਾ ਹਾਂ ਕਿ ਇਸ ਪਵਿੱਤਰ ਵੇਈਂ ਦਾ ਪਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਪੀਂਦੇ ਰਹੇ ਹਨ। ਅਸੀਂ ਪੰਜਾਬ ਦੇ ਹਰੇਕ ਇਲਾਕੇ ਵੀ ਜਾ ਕੇ ਲੋਕਾਂ ਦੇ ਦੁੱਖ ਸੁੱਖ ਸੁਣ ਕੇ ਹਰੇਕ ਪ੍ਰਕਾਰ ਦੀ ਸਹਾਇਤਾ ਉਪਲੱਬਧ ਕਰਵਾਉਣ ਦੀ ਕੋਸ਼ਿਸ਼ ਕਰਾਂਗੇ।