ਪੰਜ ਸਾਲਾ ਮਾਸੂਮ ਸਕੂਲ ਵੈਨ ਥੱਲੇ ਆਉਣ ਕਾਰਨ ਬੱਚੀ ਦੀ ਮੌਤ, ਵੈਨ ਚਾਲਕ ਮੌਕੇ ਤੋਂ ਫ਼ਰਾਰ

in #punjab2 years ago

ਪੱਟੀ ਦੇ ਸੈਕਰਡ ਹਾਰਟ ਸਕੂਲ ਠੱਕਰਪੁਰਾ ’ਚ ਨਰਸਰੀ ਜਮਾਤ ਦੀ 5 ਸਾਲਾ ਬੱਚੀ ਸ਼ੁਭਲੀਨ ਕੌਰ ਦੀ ਅੱਜ ਛੁੱਟੀ ਸਮੇਂ ਸਕੂਲ ਦੀ ਵੈਨ ਹੇਠਾਂ ਆਉਣ ਕਾਰਨ ਦਰਦਨਾਕ ਮੌਤ ਹੋ ਗਈ। ਜਦੋਂਕਿ ਹਾਦਸੇ ਨੂੰ ਅੰਜਾਮ ਦੇਣ ਵਾਲੀ ਵੈਨ ਦਾ ਚਾਲਕ ਮੌਕੇ ਤੋਂ ਫ਼ਰਾਰ ਦੱਸਿਆ ਜਾ ਰਿਹਾ ਹੈ। ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਮਾਸੂਮ ਬੱਚੀ ਦੀ ਮੌਤ ਨਾਲ ਇਲਾਕੇ ਭਰ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੱਟੀ ਦੇ ਖੇਮਕਰਨ ਰੋਡ ’ਤੇ ਰਹਿੰਦੇ ਰਾਜਵਿੰਦਰ ਸਿੰਘ ਰਾਜਾ ਖਾਰੇਵਾਲੇ ਦੀ ਪੁੱਤਰੀ ਸ਼ੁਭਲੀਨ ਕੌਰ ਜੋ ਕਿ ਸੈਕਰਡ ਹਾਰਟ ਸਕੂਲ ਠੱਕਰਪੁਰਾ ਵਿਖੇ ਪੜ੍ਹਦੀ ਸੀ। ਰੋਜ ਦੀ ਤਰ੍ਹਾਂ ਉਹ ਸਕੂਲ ਤੋਂ ਛੁੱਟੀ ਹੋਣ ਉਪਰੰਤ ਵੈਨ ਰਾਹੀ ਘਰ ਆਈ ਅਤੇ ਜਦੋਂ ਉਹ ਘਰ ਦੇ ਬਾਹਰ ਵੈਨ ’ਚੋਂ ਉੱਤਰੀ ਤਾਂ ਅਚਾਨਕ ਵੈਨ ਹੇਠਾਂ ਆ ਗਈ। ਜਿਸ ਨੂੰ ਤੁਰੰਤ ਪੱਟੀ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿਥੋਂ ਗੰਭੀਰ ਹਾਲਤ ਦੇ ਚਲਦਿਆਂ ਉਸ ਨੂੰ ਅੰਮਿ੍ਤਸਰ ਰੈਫਰ ਕਰ ਦਿੱਤਾ ਪਰ ਉਸਦੀ ਹਸਪਤਾਲ ਪਹੁੰਚਦੇ ਸਮੇਂ ਹੀ ਮੌਤ ਹੋ ਗਈ। ਥਾਣਾ ਸਿਟੀ ਪੱਟੀ ਦੇ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਨੇ ਕਿਹਾ ਕਿ ਏਐੱਸਆਈ ਕੁਲਬੀਰ ਸਿੰਘ ਵੱਲੋਂ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਦੂੂਜੇ ਪਾਸੇ ਗੁਰਦੇਵ ਸਿੰਘ ਸੋਨੂੰ ਚੀਮਾ, ਜੰਗ ਸਿੰਘ, ਗਰਬਚਨ ਸਿੰਘ ਪਨੇਸਰ ਸਮੇਤ ਇਲਾਕੇ ਦੀਆਂ ਵੱਖ ਵੱਖ ਸ਼ਖਸੀਅਤਾਂ ਨੇ ਰਾਜਾ ਖਾਰੇ ਵਾਲਿਆਂ ਤੇ ਉਨਵਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।