ਮੁਠਭੇੜ ਦੌਰਾਨ ਗੈਂਗਸਟਰ ਗੌਰਵ ਸ਼ਰਮਾ ਦੀ ਲੱਤ 'ਚ ਲੱਗੀ ਗੋਲੀ

in #punjab2 years ago

ਪੰਜਾਬ ਦੇ ਸ਼ੰਭੂ ਬੈਰੀਅਰ 'ਤੇ ਮੋਹਾਲੀ ਦੇ ਸੀਆਈਏ ਸਟਾਫ਼ ਅਤੇ ਗੈਂਗਸਟਰਾਂ ਵਿਚਾਲੇ ਸ਼ਨੀਵਾਰ ਸ਼ਾਮ ਨੂੰ ਮੁਕਾਬਲਾ ਹੋਇਆ। ਇਸ ਦੌਰਾਨ ਪੁਲਿਸ ਨੇ ਦੋ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਐਸਐਸਪੀ ਸੰਦੀਪ ਗਰਗ ਦੇ ਮੁਤਾਬਕ ਦੋਵਾਂ ਮੁਲਜ਼ਮਾਂ ਦੀ ਪਛਾਣ ਗੌਰਵ ਉਰਫ ਗੋਰੀ ਅਤੇ ਤਰੁਣ ਕੁਮਾਰ ਵਜੋਂ ਹੋਈ ਹੈ। ਦੋਵੇਂ ਭੂਪੀ ਰਾਣਾ ਗੈਂਗ ਦੇ ਮੈਂਬਰ ਦੱਸੇ ਜਾ ਰਹੇ ਹਨ। ਦਰਅਸਲ ਇਨ੍ਹਾਂ ਮੁਲਜ਼ਮਾਂ ਪਿਛਲੇ ਦਿਨੀਂ ਮੁਲਜ਼ਮਾਂ ਨੇ ਤਲਵਾਰ ਨਾਲ ਇੱਕ ਨੌਜਵਾਨ ਦੀਆਂ ਚਾਰ ਉਂਗਲਾਂ ਵੱਢ ਦਿੱਤੀਆਂ ਸਨ। ਇੰਨਾ ਹੀ ਨਹੀਂ ਦਹਿਸ਼ਤ ਫੈਲਾਉਣ ਲਈ ਉਹਨਾਂ ਨੇ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾ ਦਿੱਤੀ ਸੀ।

ਜਿਸ ਤੋਂ ਬਾਅਦ ਸ਼ੰਭੂ ਬੈਰੀਅਰ ਨੇੜੇ ਪੁਲਿਸ ਉਨ੍ਹਾਂ ਦੀ ਗੱਡੀ ਦਾ ਪਿੱਛਾ ਕਰ ਰਹੀ ਸੀ। ਉਸੇ ਦੌਰਾਨ ਮੁਲਜ਼ਮਾਂ ਨੇ ਪੁਲਿਸ 'ਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਅਤੇ ਜਵਾਬੀ ਕਾਰਵਾਈ ਕਰਦੇ ਹੋਏ ਇਸ ਮੁਠਭੇੜ ਦੌਰਾਨ ਗੈਂਗਸਟਰ ਗੌਰਵ ਸ਼ਰਮਾ ਦੀ ਲੱਤ ਵਿੱਚ ਗੋਲੀ ਲੱਗ ਗਈ। ਪੁਲਿਸ ਨੇ ਡੀਐਸਪੀ (ਡੀ) ਮੁਹਾਲੀ ਗੁਰਸ਼ੇਰ ਸੰਧੂ ਦੀ ਅਗਵਾਈ ਵਿੱਚ ਕਾਰਵਾਈ ਕਰਦਿਆਂ ਬਦਮਾਸ਼ਾਂ ਨੂੰ ਇੱਕ ਸਵਿੱਫਟ ਗੱਡੀ 9 ਐਮ ਐਮ ਪਿਸਤੌਲ ਅਤੇ 3 ਖਾਲੀ ਰੌਂਦ ਸਮੇਤ ਕਾਬੂ ਕੀਤਾ ਹੈ।ਇਨ੍ਹਾਂ ਮੁਲਜ਼ਮਾਂ ਦੀ ਹਸਪਤਾਲ ਤੋਂ ਤਸਵੀਰ ਵੀ ਸਾਹਮਣੇ ਆਈ ਹੈ।ਹਾਲਾਂਕਿ ਇਸ ਵਿੱਚ ਪੁਲਿਸ ਅਧਿਕਾਰੀ ਨੂੰ ਗੋਲੀ ਨਹੀਂ ਲੱਗੀ।

ਤੁਹਾਨੂੰ ਦੱਸ ਦੇਈਏ ਮੋਹਾਲੀ ਦੇ ਪਿੰਡ ਬੜਮਾਜਰਾ ਦੇ ਸ਼ਮਸ਼ਾਨਘਾਟ ਵਿੱਚ ਸ਼ਰਾਰਤੀ ਅਨਸਰਾਂ ਨੇ ਇੱਕ ਨੌਜਵਾਨ ਦੀਆਂ ਉਂਗਲਾਂ ਵੱਢ ਦਿੱਤੀਆਂ ਸਨ। ਨੌਜਵਾਨ ਦੀ ਪਛਾਣ ਹਰਦੀਪ ਸਿੰਘ ਉਰਫ ਰਾਜੂ ਵਾਸੀ ਮੋਹਾਲੀ ਵਜੋਂ ਕੀਤੀ ਗਈ ਹੈ। ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਹਮਲਾਵਰਾਂ ਵਿੱਚੋਂ ਦੋ ਦੀ ਪਛਾਣ ਹੋ ਗਈ ਸੀ, ਜਿਨ੍ਹਾਂ ਨੂੰ ਪੁਲਿਸ ਨੇ ਮੁਠਭੇੜ ਤੋਂ ਬਾਅਦ ਕਾਬੂ ਕਰ ਲਿਆ। ਗੈਂਗਸਟਰਾਂ ਨੂੰ ਫੜਨ ਤੋਂ ਬਾਅਦ ਹੁਣ ਪੁਲਿਸ ਇਨ੍ਹਾਂ ਦੇ ਤੀਜੇ ਸਾਥੀ ਦੀ ਪਛਾਣ ਕੀਤੀ ਜਾ ਰਹੀ ਹੈ। ਦਰਅਸਲ ਘਟਨਾ ਤੋਂ ਬਾਅਦ ਤਿੰਨੋਂ ਹਮਲਾਵਰ ਫਰਾਰ ਹੋ ਗਏ ਸਨ। ਇਹ ਘਟਨਾ 8 ਫਰਵਰੀ ਨੂੰ ਵਾਪਰੀ ਸੀ ਅਤੇ ਮੁਹਾਲੀ ਪੁਲਿਸ ਨੇ ਇਸ ਸਬੰਧੀ 9 ਫਰਵਰੀ ਨੂੰ ਐਫਆਈਆਰ ਦਰਜ ਕੀਤੀ ਸੀ ਪਰ ਪੁਲਿਸ ਨੇ ਮਾਮਲਾ ਸਾਹਮਣੇ ਨਹੀਂ ਆਉਣ ਦਿੱਤਾ। ਹੁਣ ਸੋਸ਼ਲ ਮੀਡੀਆ 'ਤੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਹਰਕਤ 'ਚ ਆ ਗਈ ਅਤੇ ਸ਼ਨੀਵਾਰ ਨੂੰ ਐਨਕਾਊਂਟਰ ਕੀਤਾ ਗਿਆ।