ਸੰਗਰੂਰ ਜ਼ਿਮਨੀ ਚੋਣ ’ਚ ਹਾਰ ਤੋਂ ਨਿਰਾਸ਼ ‘ਆਪ’ ਜਲਦ ਲੈ ਸਕਦੀ ਹੈ ਇਹ ਵੱਡਾ ਫ਼ੈਸਲਾ

in #punjab2 years ago

ਲੁਧਿਆਣਾ : ਸੰਗਰੂਰ ਲੋਕ ਸਭਾ ਉਪ ਚੋਣ ’ਚ ਮਿਲੀ ਹੈਰਾਨ ਕਰਨ ਵਾਲੀ ਹਾਰ ਤੋਂ ਬਾਅਦ ਜਿੱਥੇ ਆਮ ਆਦਮੀ ਪਾਰਟੀ ਮੰਥਨ ਕਰਨ ਦੀ ਗੱਲ ਕਹਿ ਰਹੀ ਹੈ, ਨਾਲ ਹੀ ਸੂਬੇ ’ਚ ਜਥੇਬੰਦੀ ਨੂੰ ਫਿਰ ਮਜ਼ਬੂਤ ਕਰਨ ਲਈ ਵੀ ਵਰਕਿੰਗ ਸ਼ੁਰੂ ਹੋਣ ਦੀ ਗੱਲ ਸਾਹਮਣੇ ਆਈ ਹੈ। ਇਸੇ ਲੜੀ ਤਹਿਤ ਸਰਕਾਰ ਬਣਨ ਤੋਂ ਬਾਅਦ ਹੀ ਅਣਦੇਖੀ ਕਾਰਨ ਘਰ ਬੈਠੇ ਪੁਰਾਣੇ ਵਾਲੰਟੀਅਰਾਂ ਨੂੰ ਐਕਟਿਵ ਕਰਨ ਲਈ ਜਿੱਥੇ ਇਸੇ ਹਫ਼ਤੇ ਤੋਂ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋਵੇਗਾ, ਉਥੇ ਪੰਜਾਬ ’ਚ ਆਉਣ ਵਾਲੇ ਦਿਨਾਂ ਵਿਚ ਪਾਰਟੀ ਨੂੰ ਨਵਾਂ ਪ੍ਰਧਾਨ ਵੀ ਮਿਲਣ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ।

ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ 2-3 ਮਹੀਨਿਆਂ ’ਚ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਦੀ ਜ਼ਿੰਮੇਵਾਰੀ ਕਿਸੇ ਸੀਨੀਅਰ ਨੇਤਾ ਨੂੰ ਸੌਂਪੀ ਜਾ ਸਕਦੀ ਹੈ। ਜਾਣਕਾਰੀ ਮੁਤਾਬਕ ਸਾਲ 2014 ’ਚ ਆਮ ਆਦਮੀ ਪਾਰਟੀ ਤੋਂ ਐੱਮ. ਪੀ. ਬਣਨ ਵਾਲੇ ਭਗਵੰਤ ਸਿੰਘ ਮਾਨ 2017 ਤੋਂ ਹੀ ਪੰਜਾਬ ’ਚ ਪਾਰਟੀ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਸੰਭਾਲ ਰਹੇ ਹਨ ਪਰ ਮੁੱਖ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਦੇ ਮੋਢਿਆਂ ’ਤੇ ਸਰਕਾਰ ਚਲਾਉਣ ਦੀ ਵੱਡੀ ਜ਼ਿੰਮੇਵਾਰੀ ਵੀ ਆ ਗਈ ਹੈ, ਜਿਸ ਕਾਰਨ ਜਥੇਬੰਦੀ ਨੂੰ ਪਹਿਲਾਂ ਵਾਂਗ ਸਮਾਂ ਨਾ ਦੇ ਸਕਣ ਕਾਰਨ ਪਾਰਟੀ ਦੀਆਂ ਗਤੀਵਿਧੀਆ ਪਿਛਲੇ 3 ਮਹੀਨਿਆਂ ਤੋਂ ਰੁਕ ਜਿਹੀਆਂ ਗਈਆਂ ਹਨ।

ਪਾਰਟੀ ਸੂਤਰਾਂ ਦੀ ਮੰਨੀਏ ਤਾਂ ਜਦੋਂ ਤੋਂ ਸੂਬੇ ’ਚ ਸਰਕਾਰ ਬਣੀ ਹੈ, ਉਦੋਂ ਤੋਂ ਲੈ ਕੇ ਅੱਜ ਤੱਕ ਸਿਰਫ਼ ਜ਼ਿਲ੍ਹਾ ਪ੍ਰਧਾਨਾਂ ਅਤੇ ਲੋਕ ਸਭਾ ਹਲਕਾ ਇੰਚਾਰਜਾਂ ਦੇ ਨਾਲ ਮਾਨ ਦੀ ਇਕ-ਇਕ ਹੀ ਸੰਯੁਕਤ ਮੀਟਿੰਗ ਹੋਈ ਹੈ। ਇਹੀ ਨਹੀਂ ਚੋਣਾਂ ਤੋਂ ਪਹਿਲਾਂ ਤੱਕ ਗਰਾਊਂਡ ਪੱਧਰ ’ਤੇ ਕਾਰਜ ਕਰਨ ਵਾਲਾ ਵਾਲੰਟੀਅਰ ਵੀ ਪਾਰਟੀ ਦੀਆਂ ਗਤੀਵਿਧੀਆਂ ਨਾ ਹੋਣ ਕਾਰਨ ਨਿਰਾਸ਼ ਹੋ ਕੇ ਘਰ ਬੈਠ ਗਿਆ, ਜੋ ਕਿ ਸੰਗਰੂਰ ਉਪ ਚੋਣਾਂ ਵਿਚ ਵੀ ਪ੍ਰਚਾਰ ਲਈ ਪੂਰੀ ਉਤਸੁਕਤਾ ਨਾਲ ਨਹੀਂ ਨਿਕਲਿਆ, ਜਿਸ ਦਾ ਨਤੀਜਾ ਅੱਜ ਸਭ ਦੇ ਸਾਹਮਣੇ ਹੈ।

ਪਾਰਟੀ ਦੇ ਇਕ ਵੱਡੇ ਨੇਤਾ ਨੇ ਦੱਸਿਆ ਕਿ ਨਵਾਂ ਪੰਜਾਬ ਪ੍ਰਧਾਨ ਬਣਾਉਣ ਨੂੰ ਲੈ ਕੇ ਸਰਕਾਰ ਬਣਨ ਤੋਂ ਬਾਅਦ 2-3 ਵਾਰ ਚਰਚਾ ਹੋ ਚੁੱਕੀ ਹੈ। ਹੁਣ ਪਾਰਟੀ ਹਾਈਕਮਾਨ ਵਲੋਂ ਕਿਸੇ ਸੀਨੀਅਰ ਵਰਕਰ ਨੂੰ ਹੀ ਇਹ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਉਮੀਦ ਹੈ ਕਿ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਪ੍ਰਧਾਨ ਦੇ ਰੂਪ ’ਚ ਕੋਈ ਨਵਾਂ ਚਿਹਰਾ ਦੇ ਸਕਦੀ ਹੈ।clipboard-2022-01-25t172549542-1074496-1643113263.jpg