ਸਿਫ਼ਤ ਕੌਰ ਸਮਰਾ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣੇ-ਡਾ ਰੂਹੀ ਦੁੱਗ

in #faridkot2 years ago
  • ਜਰਮਨ ਵਿਖੇ ਹੋਏ ਜੂਨੀਅਰ ਵਿਸ਼ਵ ਕੱਪ ਰਾਈਫਲ/ ਪਿਸਟਲ ਮੁਕਾਬਲਿਆਂ ਵਿਚ ਪੰਜ ਤਮਗੇ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ
    IMG-20220523-WA0024.jpg
  • SukhJinder Sahota Faridkot

ਪਿਛਲੇ ਦਿਨੀਂ ਜਰਮਨ ਵਿਖੇ ਹੋਈ ਆਈ.ਐਸ.ਐਸ.ਐਫ ਜੂਨੀਅਰ ਵਿਸ਼ਵ ਕੱਪ ਰਾਈਫਲ/ਪਿਸਟਲ ਅਤੇ ਸ਼ਾਟਗੰਨ ਮੁਕਾਬਲਿਆਂ ਵਿੱਚ ਦੋ ਸੋਨੇ, ਦੋ ਚਾਂਦੀ ਅਤੇ ਇੱਕ ਕਾਂਸੀ ਦਾ ਤਮਗਾ ਜਿੱਤਣ ਵਾਲੀ ਫ਼ਰੀਦਕੋਟ ਦੀ ਹੋਣਹਾਰ ਬੇਟੀ ਸਿਫਤ ਕੌਰ ਸਮਰਾ ਨੇ ਇਕੱਲੇ ਫ਼ਰੀਦਕੋਟ ਹੀ ਨਹੀਂ ਬਲਕਿ ਪੰਜਾਬ ਅਤੇ ਦੇਸ਼ ਦਾ ਨਾਮ ਪੂਰੀ ਦੁਨੀਆਂ ਵਿੱਚ ਰੋਸ਼ਨ ਕੀਤਾ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਸਿਫਤ ਕੌਰ ਸਮਰਾ ਨੂੰ ਆਪਣੇ ਦਫ਼ਤਰ ਬੁਲਾ ਕੇ ਉਸ ਦਾ ਵਿਸ਼ੇਸ਼ ਸਨਮਾਨ ਕਰਨ ਮੌਕੇ ਕੀਤਾ ।

      ਡਿਪਟੀ ਕਮਿਸ਼ਨਰ ਡਾ ਰੂਹੀ ਦੁੱਗ ਨੇ ਕਿਹਾ ਕਿ ਸਿਫ਼ਤ ਕੌਰ ਸਮਰਾ ਜੋ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਚ ਐੱਮ.ਬੀ.ਬੀ.ਐਸ ਦੀ ਪੜ੍ਹਾਈ ਕਰ ਰਹੀ ਹੈ, ਵੱਲੋਂ ਇੰਨੀ ਸਖ਼ਤ ਪੜ੍ਹਾਈ ਹੋਣ ਦੇ ਬਾਵਜੂਦ ਵੀ ਜਰਮਨ ਵਿਖੇ ਹੋਏ ਜੂਨੀਅਰ ਵਿਸ਼ਵ ਕੱਪ ਸ਼ੂਟਿੰਗ ਮੁਕਾਬਲਿਆਂ ਵਿਚ ਪੰਜ ਤਮਗੇ ਜਿੱਤੇ ਹਨ। ਉਨ੍ਹਾਂ ਕਿਹਾ ਕਿ ਸਿਫਤ ਕੌਰ ਸਮਰਾ ਨੌਜਵਾਨਾਂ ਲਈ ਪ੍ਰੇਰਨਾ  ਸਰੋਤ ਬਣੀ ਹੈ ਤੇ ਇਸ ਮਿਹਨਤ ਪਿੱਛੇ ਉਸ ਦੇ ਮਾਤਾ ਪਿਤਾ ਦੀ ਵੀ ਬਹੁਤ ਵੱਡੀ ਘਾਲਣਾ ਹੈ। ਉਨ੍ਹਾਂ ਕਿਹਾ ਕਿ ਫ਼ਰੀਦਕੋਟ ਜ਼ਿਲ੍ਹੇ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਉਹ ਖਿਡਾਰੀਆਂ ਨੂੰ ਜ਼ਿਲ੍ਹੇ ਵਿਚ ਵਧੀਆ ਖੇਡ ਸਹੂਲਤਾਂ ਪ੍ਰਦਾਨ ਕਰਵਾਉਣ ਲਈ ਪੰਜਾਬ ਸਰਕਾਰ ਨੂੰ ਲਿਖਣਗੇ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਨਮਾਨ ਚਿੰਨ੍ਹ ਅਤੇ ਪੌਦੇ ਅਤੇ ਸ਼ਾਲ ਦੇ ਕੇ ਸਿਫਤ ਕੌਰ ਸਮਰਾ  ਅਤੇ ਉਸ ਦੇ ਮਾਤਾ ਪਿਤਾ ਦਾ ਸਨਮਾਨ ਕੀਤਾ ਤੇ ਕਿਹਾ ਕਿ ਸਾਨੂੰ ਅਜਿਹੀਆਂ ਹੋਣਹਾਰ ਬੱਚੀਆਂ ਤੇ ਮਾਣ ਹੈ।



      ਇਸ ਮੌਕੇ ਸਿਫਤ ਕੌਰ ਸਮਰਾ ਨੇ ਆਪਣੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਦਾ ਸਿਹਰਾ ਆਪਣੇ ਮਾਤਾ ਪਿਤਾ ਅਤੇ ਕੋਚ ਸਾਹਿਬਾਨਾਂ ਨੂੰ ਦਿੱਤਾ ਤੇ ਕਿਹਾ ਕਿ ਉਹ ਹੁਣ ਹੋਰ ਮਿਹਨਤ ਨਾਲ ਪ੍ਰੈਕਟਿਸ ਕਰੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਦੇਸ਼ ਲਈ ਹੋਰ ਮੈਡਲ ਜਿੱਤੇਗੀ। ਇਸ ਮੌਕੇ ਸਿਫਤ ਕੌਰ ਸਮਰਾ ਦੇ ਪਿਤਾ ਸ੍ਰੀ ਬਪੀ ਸਮਰਾ ਤੇ ਮਾਤਾ ਰਮਨੀਕ ਸਮਰਾ ਨੇ ਡਿਪਟੀ ਕਮਿਸ਼ਨਰ ਅਤੇ ਸਮੂਹ ਜ਼ਿਲ੍ਹਾ ਵਾਸੀਆਂ ਦਾ ਪਿਆਰ ਤੇ ਸਨਮਾਨ ਲਈ ਧੰਨਵਾਦ ਕੀਤਾ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ.ਰਾਜਦੀਪ ਸਿੰਘ ਬਰਾੜ, ਐੱਸ.ਡੀ.ਐੱਮ ਮੈਡਮ ਬਲਜੀਤ ਕੌਰ, ਸਕੱਤਰ ਰੈੱਡ ਕਰਾਸ ਸ਼੍ਰੀ ਸੁਭਾਸ਼ ਕੁਮਾਰ, ਸ੍ਰੀ ਜਸਬੀਰ ਜੱਸੀ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।