ਸੀਵਰੇਜ ਟ੍ਰੀਟਮੈਂਟ ਪਲਾਂਟਾਂ ਰਾਹੀਂ ਸਾਫ਼ ਕੀਤਾ ਪਾਣੀ ਸਿੰਚਾਈ ਲਈ ਵਰਤਿਆ ਜਾਵੇਗਾ: ਕੈਬਨਿਟ ਮੰਤਰੀ ਮੀਤ ਹੇਅਰ

in #delhi2 years ago

ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਭਰ ਵਿਚ 2600 ਐੱਮ. ਐੱਲ. ਡੀ. ਦੀ ਸਮਰੱਥਾ ਵਾਲੇ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਰਾਹੀਂ ਸਾਫ਼ ਕੀਤੇ ਪਾਣੀ ਨੂੰ ਸਿੰਚਾਈ ਲਈ ਵਰਤਣ ਦਾ ਪ੍ਰਬੰਧ ਕਰੇਗੀ, ਤਾਂ ਜੋ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇ। ਮੀਤ ਹੇਅਰ ਜਿਨ੍ਹਾਂ ਕੋਲ ਵਾਤਾਵਰਣ, ਸਾਇੰਸ ਤਕਨਾਲੌਜੀ ਦਾ ਵੀ ਵਿਭਾਗ ਹੈ, ਅੱਜ ਫਗਵਾੜਾ ਵਿਖੇ 28 ਐੱਮ. ਐੱਲ. ਡੀ. ਦੀ ਸਮਰੱਥਾ ਵਾਲੇ ਸੀਵਰੇਜ ਟ੍ਰੀਟਮੈਂਟ ਪਲਾਂਟ ਰਾਹੀਂ ਸਾਫ਼ ਕੀਤੇ ਜਾਂਦੇ ਪਾਣੀ ਸਿੰਚਾਈ ਲਈ ਵਰਤੇ ਜਾਣ ਦੀ ਵਿਧੀ ਦਾ ਜਾਇਜ਼ਾ ਲੈ ਰਹੇ ਸਨ।17_31_20076201922-ll.jpgਉਨ੍ਹਾਂ ਕਿਹਾ ਕਿ ਫਗਵਾੜਾ ਵਿਖੇ ਸੀਵਰੇਜ ਟ੍ਰੀਟਮੈਂਟ ਪਲਾਂਟ ਰਾਹੀਂ ਸਾਫ਼ ਕੀਤੇ ਪਾਣੀ ਨੂੰ 11 ਕਿਲੋਮੀਟਰ ਲੰਬੀ ਪਾਇਪ ਲਾਇਨ ਰਾਹੀਂ ਨੇੜਲੇ ਪਿੰਡਾਂ ਦੇ ਕਿਸਾਨਾਂ ਵਲੋਂ 1000 ਏਕੜ ਵਿਚ ਸਿੰਚਾਈ ਲਈ ਵਰਤਿਆ ਜਾ ਰਿਹਾ ਹੈ, ਜਿਸ ਨਾਲ 7500 ਮਿਲੀਅਨ ਲੀਟਰ ਧਰਤੀ ਹੇਠਲਾ ਪਾਣੀ ਬਚਾਇਆ ਜਾ ਸਕਿਆ ਹੈ। ਮੀਤ ਹੇਅਰ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਸੀਵਰੇਜ ਬੋਰਡ, ਭੂਮੀ ਰੱਖਿਆ ਅਤੇ ਜਲ ਸੰਭਾਲ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੂੰ ਕਿਹਾ ਕਿ ਉਹ ਸੂਬੇ ਭਰ ਦੇ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਰਾਹੀਂ ਸਾਫ ਕੀਤੇ ਪਾਣੀ ਨੂੰ ਸਿੰਚਾਈ ਲਈ ਵਰਤਣ ਬਾਰੇ ਵਿਆਪਕ ਯੋਜਨਾਬੰਦੀ ਕਰਨ। ਉਨ੍ਹਾਂ ਕਿਹਾ ਕਿ ਫਗਵਾੜਾ ਸੀਵਰੇਜ ਟ੍ਰੀਟਮੈਂਟ ਪਲਾਂਟ ਜੋਕਿ ਨੈਸ਼ਨਲ ਵਾਟਰ ਮਿਸ਼ਨ ਐਵਾਰਡ ਵੀ ਪ੍ਰਾਪਤ ਕਰ ਚੁੱਕਾ ਹੈ, ਦੀ ਤਰਜ਼ ’ਤੇ ਸਾਰੇ ਟ੍ਰੀਟਮੈਂਟ ਪਲਾਟਾਂ ਦੇ ਪਾਣੀ ਨੂੰ ਪਾਇਪਾਂ ਰਾਹੀਂ ਖੇਤਾਂ ਤੱਕ ਪੁੱਜਦਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਵੱਕਾਰੀ ਪ੍ਰਾਜੈਕਟ ਨੂੰ ਪਹਿਲ ਦੇ ਅਧਾਰ ’ਤੇ ਪੂਰਾ ਕਰੇਗੀ ਕਿਉਂਕਿ ਇਸ ਨਾਲ ਸੂਬੇ ਦੇ ਡਾਰਕ ਜ਼ੋਨ ਵਿਚ ਜਾ ਚੁੱਕੇ ਬਲਾਕਾਂ ਅੰਦਰ ਧਰਤੀ ਹੇਠਲੇ ਪਾਣੀ ਨੂੰ ਹੋਰ ਥੱਲੇ ਜਾਣ ਤੋਂ ਰੋਕਿਆ ਜਾ ਸਕੇਗਾ।