ਫੋਰੈਂਸਿਕ ਜਾਂਚ ’ਚ ਠੇਕੇਦਾਰ ਦੇ ਦਸਤਖ਼ਤਾਂ ਦਾ ਨਹੀਂ ਹੋਇਆ ਮਿਲਾਣ

in #delhi2 years ago

ਤਤਕਾਲੀ ਅਕਾਲੀ ਭਾਜਪਾ ਗੱਠਜੋੜ ਸਰਕਾਰ ਦੌਰਾਨ ਹੋਏ ਬਹੁ-ਕਰੋੜੀ ਸਿੰਚਾਈ ਘੁਟਾਲੇ ਵਿਚ ਨਵਾਂ ਮੋੜ ਆ ਗਿਆ ਹੈ। ਘੁਟਾਲੇ ਦੇ ਮੁੱਖ ਦੋਸ਼ੀ ਮੰਨੇ ਜਾਂਦੇ ਠੇਕੇਦਾਰ ਗੁਰਿੰਦਰ ਸਿੰਘ ਜਿੱਥੇ ਮੰਤਰੀਆਂ, ਅਫਸਰਾਂ ਨੂੰ ਪੈਸੇ ਦੇਣ ਵਾਲੀ ਚਿੱਠੀ ’ਤੇ ਕੀਤੇ ਹਸਤਾਖਰਾਂ ਨੂੰ ਜਾਅਲੀ ਦੱਸ ਚੁੱਕੇ ਹਨ, ਉਥੇ ਲਿਖਾਈ, ਹਸਤਾਖਰਾਂ ਦੀ ਜਾਂਚ ਕਰਨ ਵਾਲੇ ਫੋਰੈਂਸਿਕ ਮਾਹਿਰ ਨੇ ਗੁਰਿੰਦਰ ਸਿੰਘ ਦੇ ਦਸਤਖ਼ਤ ਨੂੰ ਅਸਲ ਦਸਤਖ਼ਤ ਨਾਲ ਮੇਲ ਨਾ ਖਾਣ ਬਾਰੇ ਰਿਪੋਰਟ ਦਿੱਤੀ ਹੈ।ਫੋਰੈਂਸਿਕ ਮਾਹਿਰ ਦੀ ਰਿਪੋਰਟ ਆਉਣ ਤੋਂ ਬਾਅਦ ਸਾਬਕਾ ਆਈਏਐੱਸ ਅਧਿਕਾਰੀ ਕਾਹਨ ਸਿੰਘ ਪੰਨੂ ਨੇ ਮੁੱਖ ਮੰਤਰੀ, ਮੁੱਖ ਸਕੱਤਰ, ਸਕੱਤਰ ਵਿਜੀਲੈਂਸ ਤੇ ਡਾਇਰੈਕਟਰ ਵਿਜੀਲੈਂਸ ਬਿਊਰੋ ਨੂੰ ਪੱਤਰ ਲਿਖ ਕੇ ਵਿਜੀਲੈਂਸ ਬਿਊਰੋ ਵੱਲੋਂ ਦਰਜ ਕੀਤੇ ਕੇਸ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਪੰਨੂ ਨੇ ਮੁੱਖ ਮੰਤਰੀ ਨੂੰ ਭੇਜੀ ਚਿੱਠੀ ਵਿਚ ਕਿਹਾ ਕਿ ਉਨ੍ਹਾਂ ਨੇ 11 ਜੁਲਾਈ 2022 ਨੂੰ ਠੇਕੇਦਾਰ ਗੁਰਿੰਦਰ ਸਿੰਘ ਨੂੰ ਮਾਣਹਾਨੀ ਨੋਟਿਸ ਭੇਜਿਆ ਸੀ। ਨੋਟਿਸ ਦੇ ਜਵਾਬ ਵਿਚ ਗੁਰਿੰਦਰ ਸਿੰਘ ਨੇ ਵਿਜੀਲੈਂਸ ਜਾਂਚ ਦੌਰਾਨ ਅਧਿਕਾਰੀਆਂ, ਮੰਤਰੀਆਂ ਜਾਂ ਹੋਰਨਾਂ ਨੂੰ ਪੈਸੇ ਦੇਣ ਸਬੰਧੀ ਕਿਸੇ ਵੀ ਪੱਤਰ ’ਤੇ ਹਸਤਾਖਰ ਨਾ ਕਰਨ ਦੀ ਗੱਲ ਕਹੀ ਹੈ। ਸਾਬਕਾ ਆਈਏਐੱਸ ਅਧਿਕਾਰੀ ਨੇ ਮੁੱਖ ਮੰਤਰੀ ਤੇ ਹੋਰਨਾਂ ਅਧਿਕਾਰੀਆਂ ਨੂੰ ਫੋਰੈਂਸਿਕ ਮਾਹਿਰ ਵਲੋਂ ਦਿੱਤੀ ਰਿਪੋਰਟ ਨਾਲ ਭੇਜੀ ਹੈ, ਜਿਸ ਵਿਚ ਗੁਰਿੰਦਰ ਸਿੰਘ ਦੇ ਹਸਤਾਖਰ ਅਸਲ ਹਸਤਾਖਰਾਂ ਨਾਲ ਮੇਲ ਨਹੀਂ ਖਾਂਦੇ। ਮੁੱਖ ਮੰਤਰੀ ਦਫ਼ਤਰ ਨੇ ਸਾਬਕਾ ਆਈਏਐੱਸ ਅਧਿਕਾਰੀ ਵੱਲੋਂ ਚਿੱਠੀ ਭੇਜਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਹਾਲੇ ਤਕ ਇਸ ਚਿੱਠੀ ’ਤੇ ਮੁੱਖ ਮੰਤਰੀ ਨੇ ਫੈਸਲਾ ਨਹੀਂ ਲਿਆ ਹੈ। ਦਿਲਚਸਪ ਗੱਲ ਹੈ ਕਿ ਵਿਜੀਲੈਂਸ ਬਿਊਰੋ, ਠੇਕੇਦਾਰ ਗੁਰਿੰਦਰ ਸਿੰਘ ਦੀ ਇਸ ਚਿੱਠੀ ਨੂੰ ਅਧਾਰ ਬਣਾ ਕੇ ਤਿੰਨ ਸਾਬਕਾ ਆਈਏਐੱਸ ਅਧਿਕਾਰੀਆਂ ਤੇ ਸਾਬਕਾ ਮੰਤਰੀਆਂ ਖ਼ਿਲਾਫ਼ ਜਾਂਚ ਸ਼ੁਰੂ ਕਰਨ ਲਈ ਮੁੱਖ ਮੰਤਰੀ ਤੋਂ ਮਨਜ਼ੂਰੀ ਮੰਗ ਰਹੀ ਹੈ।