ਸੰਗਰੂਰ: ਸਰਕਾਰ ਦੀ ਬੇਰੁਖ਼ੀ ਖ਼ਿਲਾਫ਼ ਮਾਨ ਦੀ ਰਿਹਾਇਸ਼ੀ ਕਲੋਨੀ ਦੇ ਮੁੱਖ ਗੇਟ ਦਾ ਘਿਰਾਓ

in #delhi2 years ago

1661750029_Punjab-CM-Bhagwant-Mann-16617500293x2.jpgਪੰਜਾਬ ਭਰ ਦੀਆਂ ਸੰਘਰਸ਼ਸ਼ੀਲ ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮਜ਼ਦੂਰ ਮੋਰਚਾ ਦੀ ਅਗਵਾਈ ਹੇਠ ਪੰਜਾਬ ਭਰ ਤੋਂ ਪੁੱਜੇ ਹਜ਼ਾਰਾਂ ਮਜ਼ਦੂਰ ਅੱਜ ਦੂਜੇ ਦਿਨ ਮੁੱਖ ਮੰਤਰੀ ਦੀ ਰਿਹਾਇਸ਼ ਵਾਲੀ ਕਲੋਨੀ ਦੇ ਸਾਹਮਣੇ ਮੁੱਖ ਸੜਕ ਉਪਰ ਲਗਾਏ ਪੱਕੇ ਮੋਰਚੇ ’ਤੇ ਡਟੇ ਰਹੇ ਅਤੇ ਦੁਪਹਿਰ ਬਾਅਦ ਕਲੋਨੀ ਦੇ ਮੁੱਖ ਗੇਟ ਦਾ ਘਿਰਾਓ ਕੀਤਾ ਗਿਆ। ਕਰੀਬ ਕਿਲੋਮੀਟਰ ਤੋਂ ਵੀ ਵੱਧ ਲੰਮੇ ਰੋਸ ਧਰਨੇ ’ਚ ਦੂਰ ਦੂਰ ਤੱਕ ਪੰਜਾਬ ਸਰਕਾਰ ਖ਼ਿਲਾਫ਼ ਕਿਰਤੀ ਲੋਕਾਂ ਦੇ ਨਾਅਰੇ ਗੂੰਜ਼ਦੇ ਰਹੇ ਅਤੇ ਬੁਲਾਰਿਆਂ ਦੇ ਤਿੱਖੇ ਭਾਸ਼ਨ ਗਰਜਦੇ ਰਹੇ। ਬਾਅਦ ਦੁਪਹਿਰ ਤਿੰਨ ਵਜ਼ੇ ਸਟੇਜ ਤੋਂ ਐਲਾਨ ਕਰ ਦਿੱਤਾ ਗਿਆ ਕਿ ਹਜ਼ਾਰਾਂ ਮਜ਼ਦੂਰ ਮੁੱਖ ਮੰਤਰੀ ਦੀ ਕੋਠੀ ਵੱਲ ਵਧਣਗੇ, ਜਿਸ ਮਗਰੋਂ ਕਲੋਨੀ ਦੇ ਮੁੱਖ ਗੇਟ ’ਤੇ ਵੱਡੀ ਤਾਦਾਦ ’ਚ ਪੁਲੀਸ ਫੋਰਸ ਤਾਇਨਾਤ ਕਰ ਦਿੱਤੀ ਗਈ। ਸ਼ਾਮ ਕਰੀਬ ਚਾਰ ਵਜੇ ਜਿਉਂ ਹੀ ਮਜ਼ਦੂਰ ਮੁੱਖ ਗੇਟ ਵੱਲ ਵਧੇ ਤਾਂ ਜ਼ਿਲ੍ਹਾ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਪੁੱਜ ਕੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਅੱਧੇ ਘੰਟੇ ਵਿਚ ਹੀ ਪੰਜਾਬ ਦੇ ਕੈਬਨਿਟ ਮੰਤਰੀ ਨਾਲ ਫੋਨ ’ਤੇ ਗੱਲ ਕਰਾਉਣ ਦਾ ਭਰੋਸਾ ਦਿਵਾਇਆ। ਮੌਜੂਦਾ ਸਮੇਂ ਕਲੋਨੀ ਦੇ ਮੁੱਖ ਗੇਟ ਅੱਗੇ ਇੱਕ ਪਾਸੇ ਪੁਲੀਸ ਫੋਰਸ ਪੱਬਾਂ ਭਾਰ ਖੜ੍ਹੀ ਹੈ, ਜਦੋਂ ਕਿ ਦੂਜੇ ਪਾਸੇ ਹਜ਼ਾਰਾਂ ਕਿਰਤੀ ਲੋਕ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ। ਬੁਲਾਰਿਆਂ ਨੇ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਕੁੰਭਕਰਨੀ ਨੀਂਦ ਤੋਂ ਨਾ ਜਾਗੀ ਤਾਂ ਤਿੱਖਾ ਐਕਸ਼ਨ ਕੀਤਾ ਜਾਵੇਗਾ।