ਮੀਂਹ ਕਾਰਨ ਝੋਨੇ ਦੀ ਫਸਲ ਦਾ ਨੁਕਸਾਨ

in #delhi2 years ago

ਇਲਾਕੇ ਵਿੱਚ ਦੋ ਦਿਨਾਂ ਤੋਂ ਪੈ ਰਹੇ ਮੀਂਹ ਨੇ ਕਿਸਾਨਾਂ ਦੀ ਪ੍ਰੇਸ਼ਾਨੀ ਵਧਾ ਦਿੱਤੀ ਹੈ। ਮੀਂਹ ਕਾਰਨ ਜਿੱਥੇ ਖੇਤਾਂ ਵਿੱਚ ਪੱਕ ਕੇ ਤਿਆਰ ਝੋਨੇ ਦੀ ਫ਼ਸਲ ਪਾਣੀ ’ਚ ਵਿੱਛ ਗਈ ਹੈ, ਉਥੇ ਹੀ ਮੰਡੀ ਵਿਚ ਵਿਕਣ ਆਈ ਹਜ਼ਾਰਾਂ ਕੁਇੰਟਲ ਫਸਲ ਵੀ ਮੀਂਹ ਦੀ ਭੇਟ ਚੜ੍ਹ ਗਈ ਹੈ। ਜਾਣਕਾਰੀ ਮੁਤਾਬਿਕ ਮੀਂਹ ਕਾਰਨ ਥਾਂ ਥਾਂ ਪਾਣੀ ਭਰ ਗਿਆ ਹੈ ਤੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖੇਤਰ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਦੋ ਦਿਨ ਬਰਸਾਤ ਇਸ ਤਰ੍ਹਾਂ ਹੀ ਹੁੰਦੀ ਰਹੀ ਤਾਂ ਖੇਤਾਂ ਵਿਚ ਪੱਕ ਕੇ ਤਿਆਰ ਖੜ੍ਹੀ ਉਨਾਂ ਦੀ ਫਸਲ ਤਬਾਹ ਹੋ ਜਾਵੇਗੀ। ਬਾਬੈਨ ਅਨਾਜ ਮੰਡੀ ਵਿਚ ਆਏ ਕਿਸਾਨਾਂ ਗੁਰਚਰਨ ਸਿੰਘ, ਗੁਰਦਿਆਲ ਸਿੰਘ, ਰਾਜੀਵ ਰਾਮ ਸਰਨ ਮਾਜਾਰ, ਸੁਭਾਸ਼ ਤੇ ਸ਼ਾਮ ਲਾਲ ਆਦਿ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਨਾ ਤਾਂ ਖੁਦ ਜੀਰੀ ਦੀ ਖਰੀਦ ਸ਼ੁਰੂ ਕਰ ਰਹੀ ਹੈ ਤੇ ਨਾ ਹੀ ਕਿਸਾਨਾਂ ਨੂੰ ਆਪਣੀ ਜੀਰੀ ਸ਼ੈੱਲਰਾਂ ਵਿਚ ਰੱਖਣ ਦੇ ਰਹੀ ਹੈ। ਮੀਂਹ ਕਾਰਨ ਉਨ੍ਹਾਂ ਦੀ ਫਸਲ ਖਰਾਬ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮੀਂਹ ਕਾਰਨ ਆਲੂ ਦੀ ਫਸਲ ਬੀਜਣ ਲਈ ਤਿਆਰ ਕੀਤੇ ਖੇਤ ਵੀ ਖਰਾਬ ਹੋ ਗਏ ਹਨ ਤੇ ਬਿਜਾਈ ਲੇਟ ਹੋ ਰਹੀ ਹੈ ਜਿਸ ਕਰਕੇ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਸਹਿਣਾ ਪਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕਈ ਦਿਨਾਂ ਤੋਂ ਆਪਣੀ ਜੀਰੀ ਦੀ ਫਸਲ ਲੈ ਕੇ ਮੰਡੀ ਆਏ ਸੀ ਜੋ ਬਰਸਾਤ ਨਾਲ ਭਿੱਜ ਗਈ ਤੇ ਨਮੀ ਕਰਕੇ ਉਹ ਫੁਟਣੀ ਸ਼ੁਰੂ ਹੋ ਗਈ ਹੈ। ਕਿਸਾਨਾਂ ਨੇ ਬਰਸਾਤ ਨਾਲ ਖਰਾਬ ਹੋਈ ਫਸਲ ਦੀ ਵਿਸ਼ੇਸ਼ ਗਿਰਦਾਵਰੀ ਕਰਾਉਣ ਦੀ ਮੰਗ ਵੀ ਕੀਤੀ ਹੈ।