ਯੂਪੀ: ਦਲਿਤ ਭੈਣਾਂ ਦੀ ਮੌਤ ਦੇ ਮਾਮਲੇ ’ਚ 6 ਗ੍ਰਿਫ਼ਤਾਰ

in #delhi2 years ago

ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਨਿਘਾਸਨ ਥਾਣਾ ਖੇਤਰ ਵਿੱਚ ਦੋ ਦਲਿਤ ਭੈਣਾਂ ਦੀਆਂ ਲਾਸ਼ਾਂ ਦਰੱਖਤ ਨਾਲ ਲਟਕਦੀਆਂ ਮਿਲਣ ਤੋਂ ਇੱਕ ਦਿਨ ਬਾਅਦ ਪੁਲੀਸ ਨੇ ਅੱਜ ਇਸ ਮਾਮਲੇ ਵਿੱਚ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਲਖੀਮਪੁਰ ਖੀਰੀ ਦੇ ਐੱਸਪੀ ਸੰਜੀਵ ਸੁਮਨ ਨੇ ਪ੍ਰੈਸ ਕਾਨਫਰੰਸ ਵਿੱਚ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ, ‘ਅਸੀਂ ਘਟਨਾ ਤੋਂ ਬਾਅਦ ਰਾਤ ਭਰ ਦੀ ਤਲਾਸ਼ੀ ਮੁਹਿੰਮ ਦੌਰਾਨ ਜੁਨੈਦ, ਸੋਹੇਲ, ਹਾਫਿਜ਼ੁਰ ਰਹਿਮਾਨ, ਕਰੀਮੂਦੀਨ, ਆਰਿਫ਼ ਅਤੇ ਛੋਟੂ ਨੂੰ ਗ੍ਰਿਫ਼ਤਾਰ ਕੀਤਾ ਹੈ।’ ਐੱਸਪੀ ਨੇ ਦਾਅਵਾ ਕੀਤਾ ਕਿ ਜੁਨੈਦ ਅਤੇ ਸੋਹੇਲ ਦੇ ਦੋਵੇਂ ਮ੍ਰਿਤਕ ਭੈਣਾਂ ਨਾਲ ਕਥਿਤ ਪ੍ਰੇਮ ਸਬੰਧ ਸਨ। ਉਨ੍ਹਾਂ ਕਿਹਾ, ‘ਸ਼ੁਰੂਆਤੀ ਜਾਂਚ ਅਨੁਸਾਰ ਦੋਵੇਂ ਭੈਣਾਂ ਬੁੱਧਵਾਰ ਦੁਪਹਿਰ ਜੁਨੈਦ ਅਤੇ ਸੋਹੇਲ ਦੇ ਕਹਿਣ 'ਤੇ ਘਰੋਂ ਨਿਕਲੀਆਂ ਸਨ। ਜੁਨੈਦ ਅਤੇ ਸੋਹੇਲ ਦੇ ਨਾਲ ਹਾਫਿਜ਼ੁਰ ਰਹਿਮਾਨ ਵੀ ਸੀ। ਜੁਨੈਦ ਅਤੇ ਸੋਹੇਲ ਨੇ ਕਬੂਲ ਕੀਤਾ ਹੈ ਕਿ ਉਨ੍ਹਾਂ ਨੇ ਲੜਕੀਆਂ ਨਾਲ ਬਲਾਤਕਾਰ ਕੀਤਾ ਹੈ ਤੇ ਬਾਅਦ ਵਿੱਚ ਉਨ੍ਹਾਂ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ।’ ਜੁਨੈਦ ਅਤੇ ਸੋਹੇਲ ਨੇ ਲਾਸ਼ਾਂ ਨੂੰ ਟਿਕਾਣੇ ਲਾਉਣ ਲਈ ਕਰੀਮੂਦੀਨ ਅਤੇ ਆਰਿਫ ਨੂੰ ਬੁਲਾਇਆ। ਬਾਅਦ ਵਿੱਚ ਉਨ੍ਹਾਂ ਨੇ ਦੋਹਾਂ ਭੈਣਾਂ ਦੀਆਂ ਲਾਸ਼ਾਂ ਨੂੰ ਦਰੱਖਤ 'ਤੇ ਲਟਕਾਉਣ ਦਾ ਫੈਸਲਾ ਕੀਤਾ ਤਾਂ ਜੋ ਇਸ ਨੂੰ ਖੁਦਕੁਸ਼ੀ ਦਾ ਮਾਮਲਾ ਦੱਸਿਆ ਜਾ ਸਕੇ।