ਨਿਊਜ਼ੀਲੈਂਡ ਨੂੰ ਗਣਤੰਤਰ ਮੁਲਕ ਬਣਾਉਣ ਦੀ ਕੋਈ ਯੋਜਨਾ ਨਹੀਂ: ਜੈਸਿੰਡਾ

in #delhi2 years ago

2022_9$largeimg_1319112002.jpgਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਸੋਮਵਾਰ ਨੂੰ ਕਿਹਾ ਕਿ ਮਹਾਰਾਣੀ ਐਲਿਜ਼ਾਬੈੱਥ ਦੇ ਦੇਹਾਂਤ ਮਗਰੋਂ ਉਨ੍ਹਾਂ ਦੀ ਸਰਕਾਰ ਦੇਸ਼ ਨੂੰ ਗਣਤੰਤਰ ਵਿੱਚ ਬਦਲਣ ਦੀ ਦਿਸ਼ਾ ਵੱਲ ਕੋਈ ਕਦਮ ਨਹੀਂ ਚੁੱਕੇਗੀ। ਅਰਡਰਨ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਨਿਊਜ਼ੀਲੈਂਡ ਆਖਿਰਕਾਰ ਇੱਕ ਦਿਨ ਗਣਤੰਤਰ ਦੇਸ਼ ਬਣੇਗਾ ਅਤੇ ਉਮੀਦ ਹੈ ਕਿ ਉਨ੍ਹਾਂ ਦੇ ਜਿਊਂਦੇ-ਜੀਅ ਇਹ ਹੋ ਜਾਵੇਗਾ ਪਰ ਹੁਣ ਉਨ੍ਹਾਂ ਦੀ ਸਰਕਾਰ ਦੇ ਸਾਹਮਣੇ ਹੋਰ ਵੀ ਮਹੱਤਵਪੂਰਨ ਮੁੱਦੇ ਹਨ। ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ ਦੇ ਦੇਹਾਂਤ ਮਗਰੋਂ ਨਿਊਜ਼ੀਲੈਂਡ ਗਣਰਾਜ ਬਾਰੇ ਛਿੜੀ ਬਹਿਸ ਸਬੰਧੀ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਟਿੱਪਣੀ ਸਾਹਮਣੇ ਆਈ ਹੈ। ਅਰਡਰਨ ਪਹਿਲਾਂ ਵੀ ਦੇਸ਼ ਨੂੰ ਗਣਤੰਤਰ ਬਣਾਉਣ ਲਈ ਆਪਣੀ ਹਮਾਇਤ ਜ਼ਾਹਿਰ ਕਰ ਚੁੱਕੀ ਹੈ। ਮੌਜੂਦਾ ਪ੍ਰਣਾਲੀ ਤਹਿਤ ਬਰਤਾਨਵੀ ਸਮਰਾਟ ਨਿਊਜ਼ੀਲੈਂਡ ਦਾ ਰਾਸ਼ਟਰ ਪ੍ਰਮੁੱਖ ਹੁੰਦਾ ਹੈ, ਜਿਸ ਦੀ ਅਗਵਾਈ ਨਿਊਜ਼ੀਲੈਂਡ ਦੇ ਗਵਰਨਰ ਜਨਰਲ ਵੱਲੋਂ ਕੀਤੀ ਜਾਂਦੀ ਹੈ। ਅੱਜ-ਕੱਲ੍ਹ ਗਵਰਨਰ ਜਨਰਲ ਦੀ ਭੂਮਿਕਾ ਰਸਮੀ ਮੰਨੀ ਜਾਂਦੀ ਹੈ। ਹਾਲਾਂਕਿ ਕਈ ਲੋਕ ਦਲੀਲ ਦਿੰਦੇ ਹਨ ਕਿ ਨਿਊਜ਼ੀਲੈਂਡ ਆਪਣੇ ਬਸਤੀਵਾਦੀ ਅਤੀਤ ਦੇ ਪਰਛਾਵੇਂ ਵਿੱਚੋਂ ਪੂਰੀ ਤਰ੍ਹਾਂ ਬਾਹਰ ਆਉਣ ਦੇ ਸਮਰੱਥ ਨਹੀਂ ਹੋਇਆ ਹੈ ਅਤੇ ਅਜਿਹਾ ਹੋਣ ’ਤੇ ਹੀ ਉਹ ਅਸਲ ਵਿੱਚ ਇੱਕ ਸੁਤੰਤਰ ਰਾਸ਼ਟਰ ਬਣ ਸਕੇਗਾ।