ਪੱਖੇ ਨਾਲ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
ਪਿੰਡ ਰਸੂਲਪੁਰ ਕਲਾਂ ਵਿਖੇ ਇਕ ਵਿਅਕਤੀ ਵੱਲੋਂ ਦਿਮਾਗੀ ਪਰੇਸ਼ਾਨੀ ਦੇ ਚੱਲਦੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਗਈ। ਪੁਲਿਸ ਚੌਕੀ ਉੱਗੀ ਦੇ ਇੰਚਾਰਜ ਸੁਖਵਿੰਦਰਪਾਲ ਸਿੰਘ ਮੁਲਤਾਨੀ ਨੇ ਪ੍ਰਰੈੱਸ ਨੂੰ ਦੱਸਿਆ ਕਿ ਮਿ੍ਤਕ ਜਗਤਾਰ ਸਿੰਘ (32) ਦੀ ਮਾਤਾ ਬਲਬੀਰ ਕੌਰ ਪਤਨੀ ਸਵ. ਜਸਬੀਰ ਸਿੰਘ ਵਾਸੀ ਨੰਗਲ ਅੰਬੀਆਂ ਥਾਣਾ ਸ਼ਾਹਕੋਟ ਦੇ ਬਿਆਨਾਂ ਅਨੁਸਾਰ ਉਨ੍ਹਾਂ ਦੇ ਚਾਰ ਲੜਕੇ ਹਨ, ਜਿਨ੍ਹਾਂ ਵਿਚੋਂ ਉਨ੍ਹਾਂ ਦਾ ਇਕ ਲੜਕਾ ਜਗਤਾਰ ਸਿੰਘ ਆਪਣੇ ਨਾਨਕਿਆਂ ਦੇ ਪਿੰਡ ਰਸੂਲਪੁਰ ਕਲਾਂ ਵਿਖੇ ਰਹਿ ਰਿਹਾ ਸੀ। ਉਸ ਦਾ 11 ਸਾਲ ਪਹਿਲਾਂ ਰਮਨ ਪੁੱਤਰੀ ਪਵਨ ਕੁਮਾਰ ਵਾਸੀ ਜਲੰਧਰ ਨਾਲ ਵਿਆਹ ਹੋਇਆ ਸੀ ਅਤੇ ਜਿਸ ਦਾ ਨੌਂ ਸਾਲ ਦਾ ਲੜਕਾ ਗੌਰੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਫੋਨ 'ਤੇ ਇਤਲਾਹ ਮਿਲੀ ਸੀ ਕਿ 9 ਵਜੇ ਸਵੇਰੇ ਜਗਤਾਰ ਨੇ ਪੱਖੇ ਨਾਲ ਲਟਕ ਕੇ ਆਤਮਹੱਤਿਆ ਕਰ ਲਈ ਹੈ ਜਿਸ 'ਤੇ ਉਹ ਆਪਣੇ ਪਰਿਵਾਰ ਸਮੇਤ ਪਿੰਡ ਰਸੂਲਪੁਰ ਕਲਾਂ ਵਿਖੇ ਪੁੱਜੇ। ਉਨਾਂ੍ਹ ਦੱਸਿਆ ਕਿ ਉਨਾਂ੍ਹ ਦਾ ਲੜਕਾ ਜਗਤਾਰ ਸਿੰਘ ਕੰਮ ਨਾ ਮਿਲਣ ਕਾਰਨ ਪਰੇਸ਼ਾਨ ਰਹਿੰਦਾ ਸੀ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ ਹੈ। ਉਨ੍ਹਾਂ ਨੇ ਕੋਈ ਵੀ ਕਾਨੂੰਨੀ ਕਾਰਵਾਈ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਉੱਗੀ ਪੁਲਿਸ ਵੱਲੋਂ ਇਹ ਮਾਮਲੇ ਨੂੰ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ।