ਸਮਰਾਲਾ ਨੇੜੇ ਭਿਆਨਕ ਹਾਦਸੇ ’ਚ ਇੱਕੋ ਪਰਿਵਾਰ ਦੇ 3 ਜੀਆਂ ਦੀ ਮੌਤ, ਦੋ ਕਾਰਾਂ ਦੀ ਹੋਈ ਸਿੱਧੀ ਟੱਕਰ, 4 ਜ਼ਖ਼ਮੀ
ਬੀਤੀ ਰਾਤ ਸਮਰਾਲਾ ਬਾਈਪਾਸ ’ਤੇ ਲੁਧਿਆਣਾ ਚੰਡੀਗੜ੍ਹ ਰੋਡ ਉਪਰ ਦੋ ਕਾਰਾਂ ਦੀ ਆਪਸ ਵਿਚ ਹੋਈ ਸਿੱਧੀ ਟੱਕਰ ਦੌਰਾਨ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਇੱਕੋਂ ਪਰਿਵਾਰ ਦੇ ਤਿੰਨ ਜੀਆਂ ਦੀ ਦਰਦਨਾਕ ਮੌਤ ਹੋ ਗਈ ਹੈ। ਹਾਦਸੇ ਵਿੱਚ ਗੰਭੀਰ ਰੂਪ 'ਚ ਜ਼ਖ਼ਮੀ ਹੋਏ 4 ਹੋਰ ਵਿਅਕਤੀਆਂ ਨੂੰ ਸਮਰਾਲਾ ਦੇ ਸਰਕਾਰੀ ਹਸਪਤਾਲ ’ਚ ਮੁੱਢਲੀ ਸਹਾਇਤਾ ਤੋਂ ਵੱਖ-ਵੱਖ ਹਸਪਤਾਲਾਂ ਵਿੱਚ ਰੈਫਰ ਕੀਤਾ ਗਿਆ ਹੈ, ਜਿੱਥੇ ਇਨ੍ਹਾਂ ਦੀ ਹਾਲਤ ਵੀ ਨਾਜ਼ੁਕ ਦੱਸੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਮਾਛੀਵਾੜਾ ਨਿਵਾਸੀ ਇਕ ਪਰਿਵਾਰ ਦੀ ਲੜਕੀ ਪ੍ਰੀਤੀ ਕੌਰ ਸਮਰਾਲਾ ਨੇੜਲੇ ਪਿੰਡ ਸਿਹਾਲਾ ਵਿਖੇ ਵਿਆਹੀ ਹੋਈ ਸੀ, ਨੇ ਦੇਰ ਰਾਤ ਆਪਣੇ ਸਹੁਰੇ ਘਰ ਝਗੜਾ ਹੋਣ ’ਤੇ ਮਾਪਿਆਂ ਨੂੰ ਫੋਨ ਕਰ ਕੇ ਸੱਦਿਆ ਸੀ। ਪ੍ਰੀਤੀ ਦਾ ਮਾਪਿਆਂ ਦੇ ਪਰਿਵਾਰ ਜਿਸ ’ਚ ਉਸ ਦੀ ਮਾਤਾ, ਚਾਚਾ-ਚਾਚੀ ਅਤੇ ਇਕ ਹੋਰ ਗੁਆਂਢੀ ਕਾਰ ਵਿਚ ਸਵਾਰ ਹੋ ਕੇ ਰਾਤ ਨੂੰ ਹੀ ਆਪਣੀ ਧੀ ਦੇ ਸਹੁਰੇ ਪਰਿਵਾਰ ਪੁੱਜੇ ਅਤੇ ਉੱਥੋਂ ਆਪਣੀ ਧੀ ਪ੍ਰੀਤੀ ਨੂੰ ਨਾਲ ਲੈ ਕੇ ਰਾਤ ਕਰੀਬ 10 ਵਜੇ ਵਾਪਸ ਮਾਛੀਵਾੜਾ ਨੂੰ ਪਰਤ ਰਹੇ ਸਨ। ਜਿਵੇ ਹੀ ਉਨ੍ਹਾਂ ਦੀ ਕਾਰ ਸਮਰਾਲਾ ਬਾਈਪਾਸ ’ਤੇ ਪੁੱਜੀ ਤਾਂ ਸਾਹਮਣਿਓਂ ਆ ਰਹੀ ਇਕ ਹੋਰ ਤੇਜ਼ ਰਫ਼ਤਾਰ ਕਾਰ ਨਾਲ ਸਿੱਧੀ ਟੱਕਰ ਹੋ ਗਈ। ਇਹ ਟੱਕਰ ਇੰਨੀ ਭਿਆਨਕ ਸਾਬਿਤ ਹੋਈ ਕਿ ਹਾਦਸੇ ਵਿਚ ਪ੍ਰੀਤੀ ਦੀ ਮਾਂ ਚਰਨਜੀਤ ਕੌਰ (44), ਚਾਚਾ ਸਰਬਜੀਤ ਸਿੰਘ (40) ਅਤੇ ਚਾਚੀ ਰਮਨਦੀਪ ਕੌਰ (38) ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਲੜਕੀ ਪ੍ਰੀਤੀ (25) ਅਤੇ ਉਸ ਦੇ ਇਕ ਹੋਰ ਗੁਆਂਢੀ ਮੱਖਣ ਸਿੰਘ ਸਮੇਤ ਦੂਜੀ ਕਾਰ ਵਿਚ ਸਵਾਰ ਦੋ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ।