ਕੰਧ ਦੇ ਰੌਲੇ ਨੂੰ ਲੈ ਕੇ ਝਗੜਾ, ਜੰਮ ਕੇ ਕੀਤੀ ਕੁੱਟਮਾਰ
ਮੋਗਾ ਜ਼ਿਲ੍ਹੇ ਦੇ ਪਿੰਡ ਮੰਦਿਰ ਵਿਖੇ ਸਾਂਝੀ ਕੰਧ ਦੇ ਰੌਲੇ ਸਬੰਧੀ ਹੋਏ ਝਗੜੇ ’ਚ ਬਲਤੇਜ ਸਿੰਘ ਅਤੇ ਉਸਦੇ ਚਚੇਰੇ ਭਰਾ ਲਖਵਿੰਦਰ ਸਿੰਘ ਉਰਫ ਪੱਪਾ ਨੂੰ ਕੁੱਟ-ਮਾਰ ਕਰਕੇ ਜ਼ਖਮੀ ਕੀਤੇ ਜਾਣ ਦਾ ਪਤਾ ਲੱਗਾ ਹੈ, ਜਿਨ੍ਹਾਂ ਨੂੰ ਕੋਟ ਈਸੇ ਖਾਂ ਦੇ ਇਕ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਉਣਾ ਪਿਆ। ਇਸ ਸਬੰਧੀ ਵਿਚ ਕੋਟ ਈਸੇ ਖਾਂ ਪੁਲਸ ਵੱਲੋਂ ਗੁਰਸੇਵਕ ਸਿੰਘ ਅਤੇ ਉਸਦੇ ਪਿਤਾ ਧਰਮਪਾਲ ਸਿੰਘ ਦੋਵੇਂ ਨਿਵਾਸੀ ਪਿੰਡ ਮੰਦਰ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ ਹੈ।ਜਾਣਕਾਰੀ ਦਿੰਦਿਆਂ ਥਾਣਾ ਕੋਟ ਈਸੇ ਖਾਂ ਦੇ ਥਾਣੇਦਾਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਕਿਹਾ ਕਿ ਉਸਦੇ ਚਚੇਰੇ ਭਰਾ ਲਖਵਿੰਦਰ ਸਿੰਘ ਨਾਲ ਕਥਿਤ ਦੋਸ਼ੀਆਂ ਦਾ ਸਾਂਝੀ ਕੰਧ ਨੂੰ ਲੈ ਕੇ ਝਗੜਾ ਚੱਲਦਾ ਆ ਰਿਹਾ ਹੈ ਅਤੇ ਮੈਂ ਲਖਵਿੰਦਰ ਸਿੰਘ ਦੀ ਮਦਦ ਕਰਦਾ ਹਾਂ। ਇਸੇ ਰੰਜਿਸ਼ ਕਾਰਣ ਉਨ੍ਹਾਂ ਸਾਡੇ ’ਤੇ ਹਮਲੇ ਕਰਕੇ ਜ਼ਖਮੀ ਕੀਤਾ। ਜਦੋਂ ਅਸੀਂ ਰੌਲਾ ਪਾਇਆ ਤਾਂ ਦੋਸ਼ੀ ਹਥਿਆਰਾਂ ਸਮੇਤ ਫਰਾਰ ਹੋ ਗਏ। ਜਾਂਚ ਅਧਿਕਾਰੀ ਨੇ ਕਿਹਾ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।