ਬੱਚਿਆਂ ਨੂੰ ਟੂਰ 'ਤੇ ਲਿਜਾਣ ਸਬੰਧੀ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਜਾਰੀ ਕੀਤੇ ਨਵੇਂ ਹੁਕਮ

in #delhi2 years ago

ਪੰਜਾਬ ਵਿੱਚ ਸਕੂਲੀ ਬੱਚਿਆਂ ਨੂੰ ਟੂਰ 'ਤੇ ਲੈ ਕੇ ਜਾਣ ਸਬੰਧੀ ਸਿੱਖਿਆ ਵਿਭਾਗ ਨੇ ਨਵੇਂ ਹੁਕਮ ਜਾਰੀ ਕੀਤੇ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਹ ਹੁਕਮ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਜਾਰੀ ਕੀਤੇ ਗਏ ਹਨ। ਸਿੱਖਿਆ ਵਿਭਾਗ ਵੱਲੋਂ ਸਮੂਹ ਜਿ਼ਲ੍ਹਾ ਅਧਿਕਾਰੀਆਂ (ਐਲੀਮੈਂਟਰੀ ਸੈਕੰਡਰੀ) ਨੂੰ ਬੱਚਿਆਂ ਦੀ ਸੁਰੱਖਿਆ ਲਈ ਖਾਸ ਨਿਰਦੇਸ਼ ਵੀ ਦਿੱਤੇ ਗਏ ਹਨ। ਜਾਰੀ ਹੁਕਮਾਂ ਅਨੁਸਾਰ ਕਿਸੇ ਵੀ ਸਕੂਲ ਦੇ ਮੁਖੀ ਵੱਲੋਂ ਬੱਚਿਆਂ ਨੂੰ ਟੂਰ 'ਤੇ ਲੈ ਕੇ ਜਾਣ ਲਈ ਹੁਣ ਆਪਣੇ ਜਿ਼ਲ੍ਹੇ ਦੇ ਸਿੱਖਿਆ ਅਧਿਕਾਰੀ ਤੋਂ ਮਨਜੂਰੀ ਲੈਣੀ ਹੋਵੇਗੀ। ਇਸਦੇ ਨਾਲ ਹੀ ਬੱਚਿਆਂ ਦੇ ਮਾਪਿਆਂ ਤੋਂ ਵੀ ਇਸ ਸਬੰਧੀ ਲਿਖਤੀ ਰੂਪ ਵਿੱਚ ਮਨਜੂਰੀ ਜ਼ਰੂਰੀ ਹੋਵੇਗੀ।

ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਹ ਟੂਰ ਖ਼ਾਸ ਤੌਰ 'ਤੇ ਬੱਚਿਆਂ ਦੀ ਜਾਣਕਾਰੀ ਵਿੱਚ ਵਾਧਾ ਕਰਨ ਵਾਲਾ ਵੀ ਹੋਣਾ ਚਾਹੀਦਾ ਹੈ। ਬੱਚਿਆਂ ਕੋਲ ਪਛਾਣ ਪੱਤਰ ਵੀ ਲਾਜ਼ਮੀ ਕੀਤਾ ਗਿਆ ਹੈ। ਨਾਲ ਹੀ ਇੱਕ ਪ੍ਰੋਫਾਰਮੇ ਰਾਹੀਂ ਬੱਚਿਆਂ ਦੇ ਮਾਤਾ ਪਿਤਾ ਦੇ ਨਾਂਅ ਤੋਂ ਲੈ ਕੇ ਘਰ ਦਾ ਪਤਾ ਟੂਰ 'ਤੇ ਨਾਲ ਜਾਣ ਵਾਲੇ ਅਧਿਆਪਕ ਕੋਲ ਹੋਣਾ ਯਕੀਨੀ ਬਣਾਇਆ ਜਾਵੇ।