'ਅਗਨੀਪਥ ਸਕੀਮ' ਦੀ ਮੁਖਾਲਫ਼ਤ ਕਰਨ ਲਈ ਵਿਧਾਨ ਸਭਾ 'ਚ ਮਤਾ ਲਿਆਵਾਂਗੇ-ਮੁੱਖ ਮੰਤਰੀ

images (2).jpegਚੰਡੀਗੜ੍ਹ, 28 ਜੂਨ (ਵਿਕਰਮਜੀਤ)-ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਦੀ ਐੱਨ.ਡੀ.ਏ. ਸਰਕਾਰ ਵਲੋਂ ਪ੍ਰਸਤਾਵਿਤ 'ਅਗਨੀਪਥ ਸਕੀਮ' ਦੀ ਮੁਖਾਲਫ਼ਤ ਕਰਨ ਲਈ ਸੂਬਾ ਸਰਕਾਰ ਛੇਤੀ ਹੀ ਵਿਧਾਨ ਸਭਾ 'ਚ ਮਤਾ ਲਿਆਵੇਗੀ। ਸਿਫ਼ਰ ਕਾਲ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਲੋਂ ਚੁੱਕੇ ਗਏ ਮੁੱਦੇ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ, 'ਅਗਨੀਪਥ ਸਕੀਮ' ਐੱਨ.ਡੀ.ਏ ਸਰਕਾਰ ਦਾ ਤਰਕਹੀਣ ਅਤੇ ਅਣਉੱਚਿਤ ਕਦਮ ਹੈ ਜੋ ਭਾਰਤੀ ਫੌਜ ਦੇ ਮੁੱਢਲੇ ਸਰੂਪ ਨੂੰ ਤਬਾਹ ਕਰ ਦੇਵੇਗਾ।''ਮੁੱਖ ਮੰਤਰੀ ਨੇ ਕਿਹਾ ਕਿ ਐੱਨ.ਡੀ.ਏ ਸਰਕਾਰ ਵਲੋਂ ਦੇਸ਼ ਦੇ ਨੌਜਵਾਨਾਂ ਦੇ ਭਵਿੱਖ ਨੂੰ ਬਰਬਾਦ ਕਰਨ ਦਾ ਇਹ ਇਕ ਹੋਰ ਨਿਰਆਧਾਰ ਕਦਮ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਨੂੰ ਛੱਡ ਕੇ ਕਿਸੇ ਨੇ ਵੀ ਨੋਟਬੰਦੀ, ਜੀ.ਐੱਸ.ਟੀ., ਖੇਤੀ ਕਾਨੂੰਨਾਂ ਆਦਿ ਵਰਗੀਆਂ ਸਕੀਮਾਂ ਦੇ ਗੁਣਾਂ ਨੂੰ ਨਹੀਂ ਸਮਝਿਆ। ਉਨ੍ਹਾਂ ਕਿਹਾ ਕਿ 'ਅਗਨੀਪਥ' ਵੀ ਅਜਿਹਾ ਬੇਬੁਨਿਆਦ ਕਦਮ ਹੈ, ਜਿਸ ਨੂੰ ਕੋਈ ਵੀ ਸਮਝ ਨਹੀਂ ਸਕਦਾ।