ਅਨਿਲ ਵਿਜ ਨੇ ਕਾਂਗਰਸ 'ਤੇ ਕੱਸਿਆ ਤੰਜ

in #punjab2 years ago

ਕਾਂਗਰਸੀ ਆਗੂਆਂ ਵੱਲੋਂ ਪਾਰਟੀ ਛੱਡਣ ਅਤੇ ਨਵਜੋਤ ਸਿੱਧੂ ਨੂੰ ਹੋਈ ਇੱਕ ਸਾਲ ਦੀ ਸਜ਼ਾ ਨੂੰ ਲੈ ਕੇ ਹਰਿਆਣਾ ਦੀ ਸਿਆਸਤ ਵੀ ਗਰਮਾ ਗਈ ਹੈ। ਕਾਂਗਰਸੀ ਆਗੂ ਭਾਜਪਾ ਆਗੂਆਂ ਦੇ ਨਿਸ਼ਾਨੇ 'ਤੇ ਆ ਗਏ ਹਨ। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਕਾਂਗਰਸ ਵੱਲੋਂ ਲਗਾਏ ਗਏ ਚਿੰਤਨ ਸ਼ਿਵਰ ਵਿੱਚ ਜੋ ਮੰਥਨ ਹੋਇਆ ਸੀ ਉਸ ਦਾ ਰਸ ਨਿਕਲਣਾ ਸ਼ੁਰੂ ਹੋ ਚੁੱਕਿਆ ਹੈ।

ਉਨ੍ਹਾਂ ਕਿਹਾ ਕਿ ਕਾਂਗਰਸੀ ਨੇਤਾਵਾਂ ਨੂੰ ਹੁਣ ਦਿਖਣ ਲੱਗ ਗਿਆ ਹੈ ਕਿ ਕਾਂਗਰਸ ਦੀ ਬੱਤੀ ਬੁਝ ਗਈ ਹੈ ਅਤੇ ਉਨ੍ਹਾਂ ਨੂੰ ਭਵਿੱਖ ਨਜ਼ਰ ਨਹੀਂ ਆ ਰਿਹਾ। ਇਸ ਲਈ ਸੁਨੀਲ ਜਾਖੜ, ਹਾਰਦਿਕ ਪਟੇਲ ਅਤੇ ਰਾਜਸਥਾਨ ਯੂਥ ਕਾਂਗਰਸ ਦੇ ਪ੍ਰਧਾਨ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਹੈ । ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਜਲਦੀ ਹੀ ਕਈ ਹੋਰ ਕਾਂਗਰਸੀ ਆਗੂ ਵੀ ਪਾਰਟੀ ਨੂੰ ਅਲਵਿਦਾ ਕਹਿ ਦੇਣਗੇ । ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਜੋ ਫੈਸਲਾ ਕੀਤਾ ਹੈ, ਮੈਂ ਉਸ 'ਤੇ ਕੋਈ ਟਿੱਪਣੀ ਨਹੀਂ ਕਰਾਂਗਾ ਪਰ ਇਸ ਵਿੱਚ ਨਿਆਂ ਜ਼ਰੂਰ ਹੋਇਆ ਹੈ । ਕਾਂਗਰਸੀ ਨੇਤਾਵਾਂ ਨੂੰ ਹੁਣ ਨਵਜੋਤ ਸਿੱਧੂ ਤੋਂ ਮੁਕਤੀ ਮਿਲ ਗਈ ਹੈ ਅਤੇ ਉਹ ਇਹੀ ਚਾਹੁੰਦੇ ਸਨ।

ਉੱਥੇ ਹੀ ਦੂਜੇ ਪਾਸੇ ਹਰਿਆਣਾ ਭਾਜਪਾ ਨੇ ਟਵੀਟ ਕੀਤਾ,"ਵਾਹ ਰੀ ਕੁਦਰਤ ਤੇਰੇ ਖੇਲ ਨਿਰਾਲੇ, ਸੁਨੀਲ ਭਾਜਪਾ ਗੇਲ, ਸਿੱਧੂ ਨੂੰ ਹੋ ਗਈ ਜੇਲ੍ਹ।" ਉੱਥੇ ਹੀ ਹਰਿਆਣਾ ਮਹਿਲਾ ਬਾਲ ਵਿਕਾਸ ਨਿਗਮ ਦੀ ਚੇਅਰਪਰਸਨ ਤੇ ਭਾਜਪਾ ਆਗੂ ਬਬੀਤਾ ਫੋਗਾਟ ਨੇ ਲਿਖਿਆ,"ਨਵਜੋਤ ਸਿੰਘ ਸਿੱਧੂ ਨੂੰ ਇੱਕ ਸਾਲ ਦੀ ਜੇਲ੍ਹ ਹੋਈ ਹੈ । ਕਾਂਗਰਸ ਨੂੰ ਭਾਰਤ ਜੋੜੋ ਯਾਤਰਾ ਕੱਢਣ ਨਾਲੋਂ ਕਾਂਗਰਸ ਨਾ ਛੱਡੋ ਮੁਹਿੰਮ ਸ਼ੁਰੂ ਕਰਨ ਦੀ ਲੋੜ ਹੈ। ਠੋਕੋ ਤਾਲੀ।"

ਦੱਸ ਦੇਈਏ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੂੰ ਰੋਡਰੇਜ਼ ਮਾਮਲੇ ਵਿੱਚ ਸੁਪਰੀਮ ਨੇ ਇੱਕ ਸਾਲ ਦੀ ਸਜ਼ਾ ਸੁਣਾਈ ਹੈ। ਉਹ ਹੁਣ ਜੇਲ੍ਹ ਜਾਣਗੇ। ਦੂਜੇ ਪਾਸੇ ਸੁਨੀਲ ਜਾਖੜ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ, ਜਿਸ ਕਾਰਨ ਹਰਿਆਣਾ ਭਾਜਪਾ ਦੇ ਨੇਤਾਵਾਂ ਨੇ ਕਾਂਗਰਸ ਪਾਰਟੀ 'ਤੇ ਹਮਲਾ ਬੋਲਿਆ ਹੈ।

Screenshot_2022_0522_202317.jpg