ਦੁਨੀਆ ਦੇ ਕਿਸੇ ਵੀ ਦੇਸ਼ ’ਚ ਪੰਜਾਬ ਵਾਂਗ 6 ਰੁੱਤਾਂ ਨਹੀਂ ਮਿਲਦੀਆਂ : ਭਾਈ ਪਾਲ ਸਿੰਘ

in #delhi2 years ago

ਦੁਨੀਆ ਦੇ ਕਈ ਦੇਸ਼ਾਂ ’ਚ ਜਾ ਕੇ ਰਹਿਣ ਦਾ ਮੌਕਾ ਮਿਲਿਆ ਹੈ ਪਰ ਪੰਜਾਬ ਵਰਗੀ ਧਰਤੀ ਤੇ ਮੌਸਮ ਕਿਸੇ ਵੀ ਦੇਸ਼ ਦਾ ਨਹੀਂ ਮਿਲਿਆ। ਕੋਈ ਵੀ ਅਜਿਹਾ ਦੇਸ਼ ਨਹੀਂ ਹੈ, ਜਿੱਥੇ ਪੰਜਾਬ ਵਾਂਗ 6 ਰੁੱਤਾਂ ਹੋਣ ਅਤੇ ਹਰ ਦੋ ਮਹੀਨੇ ਬਾਅਦ ਰੁੱਤ ਬਦਲਦੀ ਹੋਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼ਾਹਕੋਟ ਵਾਸੀ ਸਿੱਖ ਬੁੱਧੀਜੀਵੀ ਭਾਈ ਪਾਲ ਸਿੰਘ ਫਰਾਂਸ ਨੇ ‘ਪੰਜਾਬੀ ਜਾਗਰਣ’ ਦਫ਼ਤਰ ’ਚ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਭਾਈ ਪਾਲ ਸਿੰਘ ਫਰਾਂਸ ਨੇ ਕਿਹਾ ਕਿ ਉਹ ਦੁਨੀਆ ਦੇ ਕਰੀਬ 22 ਦੇਸ਼ਾਂ ’ਚ ਜਾ ਕੇ ਰਹੇ ਹਨ ਪਰ ਪੰਜਾਬ ਵਰਗਾ ਪੌਣ ਪਾਣੀ ਕਿਸੇ ਵੀ ਦੇਸ਼ ਦਾ ਨਹੀਂ ਹੈ। ਅਮਰੀਕਾ, ਕੈਨੇਡਾ, ਇੰਗਲੈਂਡ ਤੇ ਆਸਟ੍ਰੇਲੀਆ ਵਰਗੇ ਵਿਕਸਤ ਦੇਸ਼ਾਂ ਦੀ ਖੇਤੀਬਾਡ਼ੀ ਦੀ ਗੱਲ ਕਰੀਏ ਤਾਂ ਉਥੇ ਵੀ ਦੋ ਤੋਂ ਵੱਧ ਫ਼ਸਲਾਂ ਨਹੀਂ ਉਗਾਈਆ ਜਾਂਦੀਆ ਜਦੋਂਕਿ ਪੰਜਾਬ ਦੀ ਧਰਤੀ ਏਨੀ ਉਪਜਾਊ ਹੈ ਕਿ ਇੱਥੇ ਤਿੰਨ-ਤਿੰਨ ਫ਼ਸਲਾਂ ਉਗਾਈਆ ਜਾਂਦੀਆ ਹਨ। ਪੰਜਾਬ ’ਚ 6 ਰੁੱਤਾਂ ਹੋਣ ਕਰਕੇ ਇਥੋਂ ਦੇ ਲੋਕ ਸਰੀਰਕ ਤੇ ਸੁਭਾਅ ਪੱਖੋਂ ਨਰੋਏ ਰਹੇ ਹਨ ਪਰ ਪੰਜਾਬ ਦੀ ਬਦਕਿਸਮਤੀ ਵੀ ਰਹੀ ਹੈ ਕਿ ਇਸ ਨੂੰ ਕਈ ਵਾਰ ਵੰਡ ਦਾ ਸ਼ਿਕਾਰ ਹੋਣਾ ਪਿਆ ਹੈ। 1947 ਦੀ ਵੰਡ ਦੌਰਾਨ ਪੰਜਾਬ ਦੇ ਦੋ ਟੋਟੇ ਹੋਏ ਤਾਂ ਇਸ ਦੀ ਬਹੁਤ ਹੀ ਉਪਜਾਊ ਧਰਤੀ ਲਹਿੰਦੇ ਪੰਜਾਬ ’ਚ ਰਹਿ ਗਈ। ਫਿਰ 1966 ’ਚ ਮੁਡ਼ ਇਕ ਵਾਰ ਪੰਜਾਬ ਦੀ ਵੰਡ ਹੋ ਗਈ ਅਤੇ ਇਹ ਛੋਟਾ ਜਿਹਾ ਸੂਬਾ ਬਣ ਕੇ ਰਹਿ ਗਿਆ।