ਪਾੜ੍ਹਿਆਂ ਨੇ ਜੌੜੇਮਾਜਰਾ ਦਾ ਦਫਤਰ ਘੇਰਿਆ

in #punjab2 years ago

ਫੀਸਾਂ ਵਿੱਚ 20 ਫੀਸਦੀ ਵਾਧੇ ਦੇ ਰੋਸ ਵਜੋਂ ਪਬਲਿਕ ਕਾਲਜ ਸਮਾਣਾ ਦੇ ਸੈਂਕੜੇ ਵਿਦਿਆਰਥੀਆਂ ਨੇ ਪੀਐੱਸਯੂ ਦੀ ਅਗਵਾਈ ਹੇਠ ਅੱਜ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਜਰਾ ਦੇ ਸਮਾਣਾ ਸਥਿਤ ਦਫਤਰ ਦਾ ਘਿਰਾਓ ਕੀਤਾ ਤੇ ਫੀਸਾਂ ਵਿੱਚ ਕੀਤੇ ਵਾਧੇ ਨੂੰ ਵਾਪਸ ਲੈਣ ਦੀ ਮੰਗ ਕੀਤੀ। ਇਸ ਤੋਂ ਪਹਿਲਾਂ ਵਿਦਿਆਰਥੀਆਂ ਨੇ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ।

ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਪੀਐੱਸਯੂ ਦੇ ਸੂਬਾ ਆਗੂ ਖੁਸ਼ਵਿੰਦਰ ਰਵੀ ਨੇ ਕਿਹਾ ਹੈ ਕਿ ਪਬਲਿਕ ਕਾਲਜ ਸਮਾਣਾ ਵਿੱਚ ਇਸ ਵਾਰ ਫੀਸਾਂ ਵਿੱਚ 20 ਫੀਸਦ ਦਾ ਵਾਧਾ ਕੀਤਾ ਗਿਆ ਹੈ ਜਿਸ ਨੂੰ ਵਾਪਸ ਕਰਵਾਉਣ ਲਈ ਵਿਦਿਆਰਥੀ ਲਗਾਤਾਰ ਸੰਘਰਸ਼ ਕਰ ਰਹੇ ਹਨ। ਇਸ ਤੋਂ ਪਹਿਲਾਂ ਐੱਸਡੀਐੱਮ ਸਮਾਣਾ ਦਫਤਰ ਵੱਲ ਮਾਰਚ ਕਰ ਕੇ ਵੀ ਮੰਗ ਪੱਤਰ ਦਿੱਤਾ ਗਿਆ ਸੀ ਜਿਸ ਵਿੱਚ ਵਿਦਿਆਰਥੀ ਆਗੂਆਂ ਦੀ ਕਾਲਜ ਮੈਨੇਜਮੈਂਟ ਅਤੇ ਐੱਸਡੀਐੱਮ ਨਾਲ ਮੀਟਿੰਗ ਹੋਈ ਸੀ। ਮੀਟਿੰਗ ਵਿੱਚ ਕੋਈ ਹੱਲ ਨਹੀ ਨਿਕਲਿਆ ਸੀ। ਉਸ ਤੋਂ ਬਾਅਦ ਵਿਦਿਆਰਥੀਆਂ ਦਾ ਵਫ਼ਦ ਸਿਹਤ ਮੰਤਰੀ ਚੇਤਨ ਜੌੜੇਮਾਜਰਾ ਨੂੰ ਮਿਲਿਆ ਸੀ ਜਿਨ੍ਹਾਂ ਨੇ ਇੱਕ ਹਫਤੇ ਦੇ ਅੰਦਰ ਮਸਲਾ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਸੀ। ਇਸੇ ਦੌਰਾਨ ਹਾਲੇ ਤੱਕ ਇਸ ਵਾਧੇ ਨੂੰ ਵਾਪਸ ਕਰਵਾਉਣ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ। ਇਸ ਦੇ ਰੋਸ ਵਜੋਂ ਅੱਜ ਵਿਦਿਆਰਥੀਆਂ ਨੇ ਕਾਲਜ ਤੋਂ ਇਕੱਠੇ ਹੋ ਕੇ ਸ਼ਹਿਰ ਵਿੱਚ ਮਾਰਚ ਕਰਦੇ ਹੋਏ ਚੇਤਨ ਜੌੜੇਮਜਰਾ ਦੇ ਸਮਾਣਾ ਸਥਿਤ ਦਫਤਰ ਦਾ ਘਿਰਾਓ ਕੀਤਾ।