2024 ਦੀਆਂ ਚੋਣਾਂ ਵਿਚ ਪ੍ਰਨੀਤ ਕੌਰ ਭਾਜਪਾ ਵੱਲੋਂ ਉਮੀਦਵਾਰ ਹੋਣਗੇ: ਬਾਜਵਾ

in #punjab2 years ago

ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਪਟਿਆਲਾ ਲੋਕ ਸਭਾ ਹਲਕੇ ਤੋਂ ਮੈਂਬਰ ਪ੍ਰਨੀਤ ਕੌਰ ਹੁਣ ਕਾਂਗਰਸ ਦਾ ਹਿੱਸਾ ਨਹੀਂ ਹਨ। ਪ੍ਰਨੀਤ ਕੌਰ ਆਪਣੀ ਲੋਕ ਸਭਾ ਮੈਂਬਰੀ ਭੰਗ ਹੋਣ ਦੇ ਡਰੋਂ ਕਾਂਗਰਸ ਨੂੰ ਚਿੰਬੜੇ ਹੋਏ ਹਨ।
ਸ੍ਰੀ ਬਾਜਵਾ ਨੇ ਕਿਹਾ ਕਿ ਪ੍ਰਨੀਤ ਕੌਰ ਕਾਂਗਰਸ ਦਾ ਖਹਿੜਾ ਛੱਡ ਦੇਣ। ਬਾਜਵਾ ਨੇ ਆਖਿਆ ਕਿ ਇਹ ਚਿੱਟੇ ਦਿਨ ਵਾਂਗ ਸਾਫ਼ ਹੈ ਕਿ 2024 ਦੀਆਂ ਚੋਣਾਂ ਵਿਚ ਪ੍ਰਨੀਤ ਕੌਰ ਭਾਜਪਾ ਉਮੀਦਵਾਰ ਹੋਣਗੇ।ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚੁਣੌਤੀ ਦਿੱਤੀ ਕਿ ਜੇ ਉਹ ਇਮਾਨਦਾਰ ਹਨ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਹੋਏ ਕਰੋੜਾਂ ਰੁਪਏ ਦੇ ਕਥਿਤ ਘੁਪਲੇ ਦੀ ਜਾਂਚ ਕਰਾਉਣ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਕਾਂਗਰਸ ਨੇਤਾ ਰਣਦੀਪ ਸਿੰਘ ਨਾਭਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਬਾਰੇ ਪੱਤਰ ਭੇਜਿਆ ਸੀ ਕਿ ਬਠਿੰਡਾ ਵਿੱਚ ਖੇਤੀਬਾੜੀ ਮਸ਼ੀਨਰੀ ਨਾਲ ਸਬੰਧਤ ਚੌਂਤੀ ਸੌ ਕਰੋੜ ਰੁਪਏ ਦਾ ਕਥਿਤ ਗਬਨ ਹੋਇਆ ਹੈ।
ਉਸ ਵੇਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਨ ਤੇ ਇਸ ਨਾਤੇ ਇਸ ਦੀ ਜਾਂਚ ਕੀਤੀ ਜਾਵੇ। ਮੁੱਖ ਮੰਤਰੀ ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਉਹ ਨਿਊ ਮੋਤੀ ਮਹਿਲ ਵਿੱਚ ਵਿਜੀਲੈਂਸ ਨੂੰ ਭੇਜ ਕੇ ਇਸ ਮਾਮਲੇ ਦੀ ਜਾਂਚ ਕਰਾਉਣ।