ਲਗਾਤਾਰ ਨੌਵੇਂ ਆਈਸੀਸੀ ਟੂਰਨਾਮੈਂਟ 'ਚ ਟਰਾਫੀ ਹਾਸਲ ਨਾ ਕਰ ਸਕੀ ਟੀਮ ਇੰਡੀਆ

in #punjablast year

2014 ਟੀ-20 ਵਿਸ਼ਵ ਕੱਪ, 2017 ਵਨ ਡੇ ਵਿਸ਼ਵ ਕੱਪ, 2016 ਟੀ-20 ਵਿਸ਼ਵ ਕੱਪ, 2017 ਚੈਂਪੀਅਨਜ਼ ਟਰਾਫੀ, 2019 ਵਨ ਡੇ ਵਿਸ਼ਵ ਕੱਪ, 2021 ਡਬਲਯੂਟੀਸੀ ਫਾਈਨਲ ਤੇ ਟੀ-20 ਵਿਸ਼ਵ ਕੱਪ, 2022 ਟੀ-20 ਵਿਸ਼ਵ ਕੱਪ ਤੇ ਹੁਣ ਡਬਲਯੂਟੀਸੀ ਫਾਈਨਲ.. ਨਤੀਜਾ ਜ਼ੀਰੋ। ਟੂਰਨਾਮੈਂਟ ਕਰਵਾਉਣ ਵਾਲੇ ਦੇਸ਼ ਬਦਲੇ, ਮੈਦਾਨ ਬਦਲੇ, ਟੀਮ ਬਦਲੀ, ਕਪਤਾਨ ਬਦਲੇ ਪਰ ਨਹੀਂ ਬਦਲੀ ਤਾਂ ਟੀਮ ਇੰਡੀਆ ਦੀ ਕਿਸਮਤ। ਦੱਖਣੀ ਅਫਰੀਕਾ ਨੂੰ ਕ੍ਰਿਕਟ ਦਾ ਚੋਕਰ ਕਿਹਾ ਜਾਂਦਾ ਸੀ ਪਰ ਹੁਣ ਭਾਰਤੀ ਟੀਮ ਆਈਸੀਸੀ ਟੂਰਨਾਮੈਂਟ ਦੀ ਸਭ ਤੋਂ ਵੱਡੀ ਚੋਕਰ ਬਣ ਕੇ ਸਾਹਮਣੇ ਆਈ ਹੈ। ਪਿਛਲੇ ਨੌਂ ਸਾਲ ਤੋਂ ਅੱਠ ਆਈਸੀਸੀ ਟੂਰਨਾਮੈਂਟ ਦੇ ਨਾਕਆਊਟ ਵਿਚ ਹਾਰ ਕੇ ਉਸ ਨੇ ਇਸ ਸਾਲ ਘਰ ਵਿਚ ਹੋਣ ਵਾਲੇ ਵਨ ਡੇ ਵਿਸ਼ਵ ਕੱਪ ਦੀਆਂ ਉਮੀਦਾਂ ਨੂੰ ਵੀ ਕਮਜ਼ੋਰ ਕਰ ਦਿੱਤਾ ਹੈ। ਉਥੇ ਪੰਜ ਵਨ ਡੇ ਵਿਸ਼ਵ ਕੱਪ, ਦੋ ਚੈਂਪੀਅਨਜ਼ ਟਰਾਫੀਆਂ ਤੇ ਇਕ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਆਸਟ੍ਰੇਲਿਆਈ ਟੀਮ ਨੇ ਓਵਲ ਵਿਚ ਟੀਮ ਇੰਡੀਆ ਨੂੰ 209 ਦੌੜਾਂ ਨਾਲ ਹਰਾ ਕੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ (ਡਬਲਯੂਟੀਸੀ) ਦਾ ਗੁਰਜ ਤਾਂ ਜਿੱਤਿਆ ਹੀ, ਨਾਲ ਹੀ ਉਹ ਆਈਸੀਸੀ ਦੀਆਂ ਸਾਰੀਆਂ ਟਰਾਫੀਆਂ ਜਿੱਤਣ ਵਾਲੀ ਦੁਨੀਆ ਦੀ ਪਹਿਲੀ ਟੀਮ ਬਣ ਗਈ। ਭਾਰਤ ਨੇ ਆਖ਼ਰੀ ਵਾਰ ਆਈਸੀਸੀ ਖ਼ਿਤਾਬ 2013 ਵਿਚ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿਚ ਇੰਗਲੈਂਡ ਨੂੰ ਹਰਾ ਕੇ ਚੈਂਪੀਅਨਜ਼ ਟਰਾਫੀ ਦੇ ਰੂਪ ਵਿਚ ਜਿੱਤਿਆ ਸੀ।