ਵਿਧਾਇਕ ਡਾ. ਸੋਹਲ ਨੂੰ ਫਰਦ ਬਦਲੇ ਰਿਸ਼ਵਤ ਮੰਗਣ ਦੀ ਮਿਲੀ ਸ਼ਿਕਾਇਤ, ਪਟਵਾਰੀ ਖ਼ਿਲਾਫ਼ ਜਾਂਚ ਦੇ ਦਿੱਤੇ ਨਿਰਦੇਸ਼

in #punjab2 years ago

ਤਰਨਤਾਰਨ ਦੇ ਵਿਧਇਕ ਡਾ. ਕਸ਼ਮੀਰ ਸਿੰਘ ਸੋਹਲ ਨੇ ਵੀਰਵਾਰ ਨੂੰ ਸਥਾਨਕ ਤਹਿਸੀਲ ਕੰਪਲੈਕਸ ਦਾ ਅਚਾਨਕ ਦੌਰਾ ਕੀਤਾ। ਜਿਸ ਦੌਰਾਨ ਕੰਮ ਲਈ ਆਏ ਇਕ ਵਿਅਕਤੀ ਨੇ ਪਟਵਾਰੀ ਵੱਲੋਂ ਕਥਿਤ ਤੌਰ ’ਤੇ ਰਿਸ਼ਵਤ ਮੰਗੇ ਜਾਣ ਦੀ ਸ਼ਿਕਾਇਤ ਕਰ ...
ਤਰਨਤਾਰਨ ਦੇ ਵਿਧਇਕ ਡਾ. ਕਸ਼ਮੀਰ ਸਿੰਘ ਸੋਹਲ ਨੇ ਵੀਰਵਾਰ ਨੂੰ ਸਥਾਨਕ ਤਹਿਸੀਲ ਕੰਪਲੈਕਸ ਦਾ ਅਚਾਨਕ ਦੌਰਾ ਕੀਤਾ। ਜਿਸ ਦੌਰਾਨ ਕੰਮ ਲਈ ਆਏ ਇਕ ਵਿਅਕਤੀ ਨੇ ਪਟਵਾਰੀ ਵੱਲੋਂ ਕਥਿਤ ਤੌਰ ’ਤੇ ਰਿਸ਼ਵਤ ਮੰਗੇ ਜਾਣ ਦੀ ਸ਼ਿਕਾਇਤ ਕਰ ਦਿੱਤੀ। ਜਿਸ ’ਤੇ ਵਿਧਾਇਕ ਡਾ. ਸੋਹਲ ਨੇ ਐੱਸਡੀਐੱਮ ਨੂੰ ਨਿਰਦੇਸ਼ ਦਿੱਤੇ ਕਿ ਉਕਤ ਮਾਮਲੇ ਦੀ ਜਾਂਚ ਕਰ ਕੇ ਪਟਵਾਰੀ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਨਾਲ ਹੀ ਇਕ ਕਰਮਚਾਰੀ ਦੇ ਗੈਰ ਹਾਜ਼ਰ ਪਾਏ ਜਾਣ ਦਾ ਵੀ ਉਨ੍ਹਾਂ ਨੇ ਨੋਟਿਸ ਲਿਆ ਅਤੇ ਕਿਹਾ ਕਿ ਤਹਿਸੀਲ ਵਿਚ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਅਤੇ ਭਿ੍ਸ਼ਟਾਚਾਰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਤਰਨਤਾਰਨ ਦੇ ਐੱਸਡੀਐੱਮ ਰਜਨੀਸ਼ ਅਰੋੜਾ ਵੀ ਮੌਜੂਦ ਸਨ।

ਇਸ ਮੌਕੇ ਡਾ. ਕਸ਼ਮੀਰ ਸਿੰਘ ਸੋਹਲ ਨੇ ਦੱਸਿਆ ਕਿ ਉਨ੍ਹਾਂ ਨੂੰ ਤਹਿਸੀਲ ਦਫਤਰ ਵਿਖੇ ਕੰਮ ਕਰਾਉਣ ਵਾਲੇ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ। ਜਿਸ ਦਾ ਜਾਇਜਾ ਲੈਣ ਲਈ ਅੱਜ ਉਨ੍ਹਾਂ ਨੇ ਅਚਨਚੇਤੀ ਦੌਰਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਗੈਰ ਹਾਜ਼ਰ ਕਰਮਚਾਰੀ ਬਾਰੇ ਵਿਭਾਗੀ ਕਾਰਵਾਈ ਕਰਨ ਲਈ ਐੱਸਡੀਐੱਮ ਤਰਨਤਾਰਨ ਨੂੰ ਹਿਦਾਇਤਾਂ ਜ਼ਾਰੀ ਕਰ ਦਿੱਤੀਆਂ ਗਈਆਂ ਹਨ। ਇਸ ਦੌਰਾਨ ਰਜਿਸਟਰੀਆਂ ਕਰਾਉਣ ਲਈ ਇਤਰਾਜਹੀਣਤਾ ਪ੍ਰਮਾਣ ਪੱਤਰ ਨਾ ਮਿਲਣ ਕਾਰਨ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵੀ ਵਿਧਾਇਕ ਦੇ ਧਿਆਨ ਵਿਚ ਲਿਆਂਦਾ ਗਿਆ। ਡਾ. ਸੋਹਲ ਨੇ ਤਹਿਸੀਲ ਤਰਨਤਾਰਨ ਵਿਚ ਜਨਵਰੀ 2022 ਤੋਂ ਹੁਣ ਤਕ ਦਰਜ਼ ਰਜਿਸਟਰੀਆਂ ਦਾ ਰਿਕਾਰਡ ਪੇਸ਼ ਕਰਨ ਲਈ ਆਦੇਸ਼ ਜਾਰੀ ਕੀਤਾ ਹੈ। ਤਾਂ ਜੋ ਕਿਸੇ ਵੀ ਊਣਤਾਈ ਬਾਰੇ ਪਤਾ ਲਗਾਇਆ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਨੇ ਪਟਵਾਰੀਆਂ ਦੇ ਦਫਤਰ ਦੀ ਚੈਕਿੰਗ ਵੀ ਕੀਤੀ ਗਈ। ਜਿਸ ਦੌਰਾਨ ਗੁਰਮੀਤ ਸਿੰਘ ਨਾਮਕ ਵਿਅਕਤੀ ਨੇ ਇਕ ਪਟਵਾਰੀ ਵੱਲੋਂ ਕੰਮ ਬਦਲੇ ਰਿਸ਼ਵਤ ਮੰਗੇ ਜਾਣ ਦੀ ਸ਼ਿਕਾਇਤ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਨੂੰ ਕਰਦਿਆਂ ਕਿਹਾ ਕਿ ਉਕਤ ਪਟਵਾਰੀ ਨੇ 10 ਹਜਾਰ ਦੀ ਮੰਗ ਕੀਤੀ ਸੀ ਅਤੇ 4 ਹਜਾਰ ਵਿਚ ਸੌਦਾ ਵੀ ਹੋ ਗਿਆ। ਜਦੋਂਕਿ ਉਸ ਵੱਲੋਂ 2 ਹਜਾਰ ਰੁਪਏ ਪੇਸ਼ਗੀ ਦੇਣ ਦੇ ਬਾਵਜੂਦ ਉਸਦਾ ਸਹੀ ਕੰਮ ਨਹੀਂ ਕੀਤਾ ਜਾ ਰਿਹਾ। ਜਿਸ ’ਤੇ ਵਿਧਾਇਕ ਨੇ ਐੱਸਡੀਐੱਮ ਰਜਨੀਸ਼ ਅਰੋੜਾ ਮਾਮਲੇ ਦੀ ਜਾਂਚ ਕਰਕੇ ਪਟਵਾਰੀ ਵਿਰੁੱਧ ਬਣਦੀ ਕਾਰਵਾਈ ਕਰਨ ਲਈ ਕਿਹਾ। ਇਸ ਦੌਰਾਨ ਪਟਵਾਰੀਆਂ ਵੱਲੋਂ ਸਹਾਇਕ ਰੱਖੇ ਜਾਣ ਦਾ ਮਾਮਲਾ ਵੀ ਗੂੰਜਿਆ। ਡਾ. ਸੋਹਲ ਨੇ ਐੱਸਡੀਐੱਮ ਨੂੰ ਦਫਤਰਾਂ ਵਿਚ ਕਰਮਚਾਰੀਆਂ ਦੀ ਹਾਜਰੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਅਤੇ ਭਿ੍ਰਸ਼ਟਾਚਾਰ ਨੂੰ ਨੱਥ ਪਾਉਣ ਲਈ ਲੋਕਾਂ ਨੂੰ ਸਹਿਯੋਗ ਦੇਣ ਲਈ ਵੀ ਕਿਹਾ। ਜਦੋਂਕਿ ਐੱਸਡੀਐੱਮ ਰਜਨੀਸ਼ ਅਰੋੜਾ ਨੇ ਇਸ ਮੌਕੇ ਕਿਹਾ ਕਿ ਫਰਦ ਬਦਲੇ ਪਟਵਾਰੀ ਵੱਲੋਂ ਪੈਸੇ ਲੈਣ ਦੀ ਗੱਲ ਸਾਹਮਣੇ ਆਈ ਹੈ, ਜਿਸ ਸਬੰਧੀ ਬਣਦੀ ਕਾਰਵਾਈ ਜਰੂਰ ਕੀਤੀ ਜਾਵੇਗੀ ਤਾਂ ਜੋ ਪਟਵਾਰ ਦਫਤਰ ਵਿਚ ਕਿਸੇ ਦੀ ਲੁੱਟ ਖਸੁੱਟ ਨਾ ਹੋਵੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਮਨਸ਼ਾ ਮੁਤਾਬਿਕ ਅਫਰਸ਼ਾਹੀ ਕੰਮ ਕਰ ਰਹੀ ਹੈ ਅਤੇ ਭਿ੍ਸ਼ਟਾਚਾਰ ਨਹੀਂ ਹੋਣ ਦਿੱਤਾ ਜਾਵੇਗਾ।

26_05_2022-patwari_asks_for_bribe_9079216_m.jpg