ਨਾਇਬ ਤਹਿਸੀਲਦਾਰ ਦਾ ਇਮਤਿਹਾਨ ਸਿਰਫ਼ ਅੰਗਰੇਜ਼ੀ ਵਿੱਚ ਕਰਵਾਏ ਜਾਣ ਦੀ ਨਿੰਦਾ

in #punjab2 years ago

ਫ਼ਿਰੋਜ਼ਪੁਰ, 24 ਮਈ, 2022 ਪੰਜਾਬ ਦੀਆਂ ਰਿਵਾਇਤੀ ਪਾਰਟੀਆਂ ਦੇ ਵਿਹਾਰ ਨੂੰ ਲੋਕ ਵਿਰੋਧੀ ਮੰਨਦਿਆਂ ਪੰਜਾਬ ਦੇ ਲੋਕਾਂ ਨੇ ਇਸ ਵਾਰ ਆਮ ਆਦਮੀ ਪਾਰਟੀ ਤੇ ਭਰੋਸਾ ਜਤਾਉਂਦੇ ਹੋਏ ਬਹੁਤ ਭਾਰੀ ਬਹੁ ਗਿਣਤੀ ਨਾਲ ਵਿਧਾਇਕ ਜਿਤਾ ਕੇ ਉਸਨੂੰ ਪੰਜਾਬ ਦੀ ਸੱਤਾ ਸੌਂਪੀ ਪਰ ਪਤਾ ਨਹੀਂ ਅਫ਼ਸਰਸ਼ਾਹੀ ਦਾ ਦਬਾਅ ਹੈ ਜਾਂ ਸੱਤਾ ਦੀ ਕੁਰਸੀ ਦਾ ਕਸੂਰ ਕਿ ਸਰਕਾਰ ਦੇ ਬਹੁਤ ਸਾਰੇ ਫੈਸਲਿਆਂ ਤੇ ਲਗਾਤਾਰ ਲੋਕਾਂ ਵੱਲੋਂ ਨੁਕਤਾਚੀਨੀ ਕੀਤੀ ਜਾ ਰਹੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਸਾਬਕਾ ਜਨਰਲ ਸਕੱਤਰ ਅਤੇ ਪੰਜਾਬੀ ਲੇਖਕ ਹਰਮੀਤ ਵਿਦਿਆਰਥੀ ਨੇ ਇੱਕ ਲਿਖਤੀ ਬਿਆਨ ਵਿੱਚ ਕੀਤਾ। ਹਰਮੀਤ ਵਿਦਿਆਰਥੀ ਨੇ ਜਾਣਕਾਰੀ ਦਿੱਤੀ ਕਿ ਸਤੰਬਰ 2021 ਵਿੱਚ ਉਸ ਸਮੇਂ ਦੀ ਸਰਕਾਰ ਨੇ ਨਾਇਬ ਤਹਿਸੀਲਦਾਰ ਦੀਆਂ ਅਸਾਮੀਆਂ ਦੀ ਭਰਤੀ ਲਈ ਇਸ਼ਤਿਹਾਰ ਦਿੱਤਾ ਸੀ। ਇਹ ਭਰਤੀ ਪੰਜਾਬ ਲੋਕ ਸੇਵਾ ਕਮਿਸ਼ਨ ਵੱਲੋਂ ਕੀਤੀ ਜਾਣੀ ਸੀ। ਨਾਇਬ ਤਹਿਸੀਲਦਾਰ ਨੇ ਪੰਜਾਬ ਵਿੱਚ ਹੀ ਕੰਮ ਕਰਨਾ ਸੀ ਅਤੇ ਇਸ ਅਹੁਦੇ ਦਾ ਸਿੱਧਾ ਵਾਹ ਪੰਜਾਬ ਦੇ ਸਧਾਰਨ ਘੱਟ ਪੜ੍ਹੇ ਅਤੇ ਅਨਪੜ੍ਹ ਲੋਕਾਂ ਨਾਲ ਪੈਣਾ ਹੁੰਦਾ ਏ ਪਰ ਸਰਕਾਰ ਨੇ ਇਹ ਇਮਤਿਹਾਨ ਅੰਗਰੇਜ਼ੀ ਵਿੱਚ ਲੈਣ ਦਾ ਫੈਸਲਾ ਕੀਤਾ। ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਸਰਕਾਰ ਦੇ ਫੈਸਲੇ ਦਾ ਵਿਰੋਧ ਕੀਤਾ ਗਿਆ ਅਤੇ ਇਸ ਨੂੰ ਪੰਜਾਬ ਰਾਜ ਭਾਸ਼ਾ ਐਕਟ-1967 ਅਤੇ ਪੰਜਾਬ ਰਾਜ ਭਾਸ਼ਾ ( ਤਰਮੀਮ) ਐਕਟ-2008 ਘੋਰ ਉਲੰਘਣਾ ਗਰਦਾਨਿਆ ਅਤੇ ਇਸ ਕਾਬਲੇ ਸਜ਼ਾ ਜੁਰਮ ਕਰਾਰ ਦਿੱਤਾ।