ਆਜ਼ਾਦੀ ਦਿਹਾੜੇ ਮੌਕੇ ਕੈਬਨਿਟ ਮੰਤਰੀ ਮੀਤ ਹੇਅਰ ਨੇ ਤਰਨ ਤਾਰਨ 'ਚ ਲਹਿਰਾਇਆ ਕੌਮੀ ਝੰਡਾ

in #punjab2 years ago

ਤਰਨਤਾਰਨ : ਸਥਾਨਕ ਪੁਲਿਸ ਲਾਇਨ ਗਰਾਉਂਡ ਤਰਨ ਤਾਰਨ ਵਿੱਚ ਆਜ਼ਾਦੀ ਦਿਹਾੜੇ ਮੌਕੇ ਜ਼ਿਲ੍ਹਾ ਵਾਸੀਆਂ ਨੂੰ ਸੰਬੋਧਨ ਕਰਦੇ ਉਚੇਰੀ ਸਿੱਖਿਆ, ਖੇਡਾਂ ਤੇ ਯੂਥ ਸੇਵਾਵਾਂ ਅਤੇ ਵਾਤਾਵਰਨ, ਵਿਗਿਆਨ ਤੇ ਤਕਨਾਲੌਜੀ ਮੰਤਰੀ ਪੰਜਾਬ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਕਿਹਾ ਕਿ ਉਨ਼੍ਹਾਂ ਦੀ ਬਦੌਲਤ ਹੀ ਅੱਜ ਅਸੀਂ ਇਥੇ ਖੜ੍ਹੇ ਹਾਂ ਅਤੇ ਮੈਨੂੰ ਝੰਡਾ ਲਹਿਰਾਉਣ ਦਾ ਮਾਣ ਪ੍ਰਾਪਤ ਹੋਇਆ ਹੈ। ਸ੍ਰੀ ਹੇਅਰ ਨੇ ਕਿਹਾ ਕਿ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਉਨ੍ਹਾਂ ਨੂੰ ਪੰਜਵੇ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਵਸਾਏ ਗਏ ਤਰਨ ਤਾਰਨ ਵਿਖੇ ਝੰਡਾ ਲਹਿਰਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਤਰਨ ਤਾਰਨ ਜ਼ਿਲ੍ਹਾ ਭਾਵੇਂ ਖੇਡਾਂ ਹੋਣ, ਦੇਸ਼ ਦੀ ਆਜ਼ਾਦੀ ਦੀ ਲੜਾਈ ਹੋਵੇ ਜਾਂ ਆਜ਼ਾਦੀ ਤੋਂ ਬਾਅਦ ਵੀ ਇਸ ਜ਼ਿਲ੍ਹੇ ਦੇ ਨੌਜਵਾਨਾ ਨੇ ਪੂਰੇ ਦੇਸ਼ ਵਿੱਚ ਆਪਣੇ ਝੰਡੇ ਗੱਡੇ ਹਨ। ਉਨ੍ਹਾਂ ਕਿਹਾ ਕਿ ਸੈਨਾ ਦੀ ਭਰਤੀ ਓਨੀ ਦੇਰ ਤੱਕ ਪੂਰੀ ਨਹੀਂ ਹੁੰਦੀ ਜਦ ਤੱਕ ਇਸ ਜ਼ਿਲ੍ਹੇ ਦੇ ਨੌਜਵਾਨ ਭਰਤੀ ਨਾ ਹੋਣ। ਉਨ੍ਹਾਂ ਕਿਹਾ ਕਿ ਸ੍ਰੀ ਪ੍ਰਵੀਨ ਕੁਮਾਰ ਓਲੰਪਿਕ ਖਿਡਾਰੀ ਨੇ ਜਿੱਥੇ ਖੇਡਾਂ ਵਿੱਚ ਅਤੇ ਮਹਾਂਭਾਰਤ ਵਰਗੇ ਸੀਰੀਅਲ ਵਿੱਚ ਭੂਮਿਕਾ ਕਰਕੇ ਤਰਨ ਤਾਰਨ ਜ਼ਿਲੇ ਦਾ ਨਾਂ ਰੋਸ਼ਨ ਕੀਤਾ ਹੈ, ਓਥੇ ਹੁਣੇ ਹੀ ਬਰਮਿੰਘਮ ਵਿਖੇ ਹੋਈਆਂ ਕਾਮਨ ਵੈਲਥ ਖੇਡਾਂ ਵਿੱਚ ਜ਼ਿਲ੍ਹੇ ਦੇ ਆਕਾਸ਼ਦੀਪ ਨੇ ਮੈਡਲ ਜਿੱਤ ਕੇ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।ਸਥਾਨਕ ਪੁਲਿਸ ਲਾਇਨ ਗਰਾਉਂਡ ਤਰਨ ਤਾਰਨ ਤਿਰੰਗਾ ਲਹਿਰਾਉਣ ਮੌਕੇ ਉਨ੍ਹਾਂ ਦੱਸਿਆ ਕਿ 29 ਅਗਸਤ ਤੋਂ ਸੂਬੇ ਭਰ ਵਿੱਚ ਖੇਡ ਮੇਲਾ ਸ਼ੁਰੂ ਹੋ ਰਿਹਾ ਹੈ। ਜਿਸ ਵਿੱਚ ਬਲਾਕ ਪੱਧਰ ਤੱਕ 28 ਕਿਸਮ ਦੀਆਂ ਖੇਡਾਂ ਹੋਣਗੀਆਂ ਅਤੇ 6 ਕਰੋੜ ਰੁਪਏ ਦੇ ਇਨਾਮ ਵੀ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਖੇਡ ਮੇਲੇ ਵਿੱਚ 5 ਲੱਖ ਤੋਂ ਵੱਧ ਬੱਚੇ ਹਿੱਸਾ ਲੈਣਗੇ।
ਆਜ਼ਾਦੀ ਘੁਲਾਟੀਆਂ ਨੂੰ ਯਾਦ ਕਰਦੇ ਉਨਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ, ਸਰਦਾਰ ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਂਗਰਾ, ਲਾਲਾ ਲਾਜਪਤ ਰਾਏ, ਦੀਵਾਨ ਸਿੰਘ ਕਾਲੇਪਾਣੀ, ਸ਼ਹੀਦ ਊਧਮ ਸਿੰਘ ਅਤੇ ਹੋਰ ਆਜ਼ਾਦੀ ਘੁਲਾਟੀਆਂ ਵੱਲੋਂ ਸਮੇਂ-ਸਮੇਂ ’ਤੇ ਆਰੰਭੇ ਗਏ ਸੰਘਰਸ਼ਾਂ ਕਾਰਣ ਹੀ ਅੱਜ ਅਸੀਂ ਆਜ਼ਾਦ ਮੁਲਕ ਦੇ ਵਾਸੀ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਦੇਸ਼ ਦੇ ਆਜ਼ਾਦੀ ਸੰਘਰਸ਼ ਦੌਰਾਨ ਪੰਜਾਬੀਆਂ ਦੀਆਂ ਕੁਰਬਾਨੀਆਂ ਸਭ ਤੋਂ ਜ਼ਿਆਦਾ ਰਹੀਆਂ ਅਤੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸ਼ਹੀਦ ਹੋਏ ਕੁੱਲ ਆਜ਼ਾਦੀ ਘੁਲਾਟੀਆਂ ਵਿਚ 80 ਫੀਸਦੀ ਦੇ ਕਰੀਬ ਯੋਗਦਾਨ ਪੰਜਾਬੀਆਂ ਦਾ ਰਿਹਾ।