ਦਲ ਖਾਲਸਾ ਨੇ ਦਫਤਰ 'ਤੇ ਕੇਸਰੀ ਝੰਡਾ ਲਹਿਰਾਇਆ

in #punjab2 years ago

ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਸਬੰਧ ’ਚ ਸ਼ੁਰੂ ਹੋਈ ਤਿੰਨ ਰੋਜ਼ਾ ‘ਹਰ ਘਰ ਤਿਰੰਗਾ’ ਮੁਹਿੰਮ ’ਚ ਸਾਰਿਆਂ ਨੂੰ ਆਪਣੇ ਘਰਾਂ ਉਤੇ ਤਿਰੰਗਾ ਲਹਿਰਾਉਣ ਦਾ ਸੱਦਾ ਦਿੱਤਾ ਜਾ ਰਿਹਾ ਹੈ। ਉਥੇ ਹੀ ਅੰਮ੍ਰਿਤਸਰ ਵਿਚ ਕੁਝ ਵੱਖਰੀਆਂ ਤਸਵੀਰਾਂ ਨਜ਼ਰ ਆਈਆਂ।
ਇਥੇ ਦਲ ਖਾਲਸਾ ਵੱਲੋਂ ਅੱਜ ਆਪਣੇ ਦਫਤਰ ਉਤੇ ਕੇਸਰੀ ਝੰਡਾ ਲਹਿਰਾਇਆ ਗਿਆ। ਇਸ ਦੌਰਾਨ ਨੰਗੀਆਂ ਤਲਵਾਰਾਂ ਨਾਲ ਸਲਾਮੀ ਵੀ ਦਿੱਤੀ ਗਈ। ਦੱਸ ਦਈਏ ਕਿ ਦਲ ਖਾਲਸਾ ਨੇ ਐਲਾਨ ਕੀਤਾ ਸੀ ਕਿ ਤਿਰੰਗੇ ਦੀ ਥਾਂ ਘਰਾਂ ਉਤੇ ਕੇਸਰੀ ਨਿਸ਼ਾਨ ਝੁਲਾਏ ਜਾਣ।ਉਧਰ, ਮੱਧ ਪ੍ਰਦੇਸ਼ ਵਿਚ ਸਥਿਤ ਗੁਰਦੁਆਰਾ ਇਮਲੀ ਸਾਹਿਬ ਵਿਚ ਤਿਰੰਗੇ ਲਹਿਰਾਉਣ ਦਾ ਮਾਮਲਾ ਭਖ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਉਤੇ ਸਖਤ ਇਤਰਾਜ਼ ਕੀਤਾ ਹੈ।ਕਮੇਟੀ ਨੇ ਇਸ ਮਾਮਲੇ ਵਿਚ ਦੋਸ਼ੀ ਲੋਕਾਂ ਖਿਲਾਫ ਕਾਰਵਾਈ ਦੀ ਗੱਲ ਵੀ ਆਖੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਹੈ ਕਿ ਸੋਸ਼ਲ ਮੀਡੀਆ ਰਾਹੀਂ ਮੇਰੇ ਧਿਆਨ ਵਿੱਚ ਆਇਆ ਹੈ ਕਿ ਇਤਿਹਾਸਕ ਗੁਰਦੁਆਰਾ ਇਮਲੀ ਸਾਹਿਬ, ਇੰਦੌਰ ਵਿਖੇ ਤਿਰੰਗਾ ਲਹਿਰਾਇਆ ਗਿਆ ਹੈ, ਜਿਸ ਦੀ ਮੈਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹਾਂ।
ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਵਿੱਚ ਸਿੱਖ ਰਹਿਤ ਮਿਰਆਦਾ ਅਨੁਸਾਰ ਕੇਵਲ ਖ਼ਾਲਸਈ ਨਿਸ਼ਾਨ ਸਾਹਿਬ ਹੀ ਝੁਲਾਇਆ ਜਾ ਸਕਦਾ ਹੈ। ਇਸ ਘਟਨਾ ਲਈ ਗੁਰਦੁਆਰਾ ਪ੍ਰਬੰਧਕ ਜਾਂ ਪ੍ਰਸ਼ਾਸਨ, ਜਿਸ ਕਿਸੇ ਨੇ ਵੀ ਇਹ ਗਲਤੀ ਕੀਤੀ ਹੈ, ਉਹ ਜਿੰਮੇਵਾਰ ਹਨ।
ਇਸ ਘਟਨਾ ਦੀ ਅਸੀਂ ਤੁਰੰਤ ਪੜਤਾਲ ਕਰਵਾ ਰਹੇ ਹਾਂ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਅਗਲੀ ਕਾਰਵਾਈ ਕੀਤੀ ਜਾਵੇਗੀ।