ਮੁੱਖ ਮੰਤਰੀ -ਜਦੋਂ ਤੱਕ ਦੋਸ਼ੀਆਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਨਹੀਂ ਪਹੁੰਚਾ ਦਿੰਦਾ,ਨਹੀ ਲੈਣਗੇ ਚੈਨ ਦਾ ਸਾਹ

in #punjab2 years ago

IMG_20220702_193037.jpgਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਅਹਿਦ ਲੈਂਦਿਆਂ ਕਿਹਾ ਕਿ ਉਹ ਉਦੋਂ ਤਕ ਸ਼ਾਂਤ ਨਹੀਂ ਬੈਠਣਗੇ, ਜਦੋਂ ਤੱਕ ਬੇਅਦਬੀ ਦੇ ਦੋਸ਼ੀਆਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਨਹੀਂ ਪਹੁੰਚਾ ਦਿੱਤਾ ਜਾਂਦਾ।
ਮੁੱਖ ਮੰਤਰੀ ਨੇ ਅੱਜ ਇੱਥੇ ਇੱਕ ਨਿਊਜ਼ ਚੈਨਲ ਵੱਲੋਂ ਮਿਸ਼ਨ ‘ਸੁਨਹਿਰਾ ਪੰਜਾਬ’ ਸੰਮੇਲਨ ਦੌਰਾਨ ਕਿਹਾ, “ਪੰਜਾਬ ਦੀ ਪਾਵਨ ਧਰਤੀ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਾਡੇ ਸਾਰਿਆਂ ਦੇ ਮੱਥੇ ਉਤੇ ਕਲੰਕ ਹੈ। ਇਸ ਘਿਨਾਉਣੀ ਘਟਨਾ ਦਾ ਵਾਪਰ ਜਾਣਾ ਸੋਚ ਤੋਂ ਵੀ ਪਰ੍ਹੇ ਅਤੇ ਨਾ-ਮੁਆਫ਼ੀਯੋਗ ਪਾਪ ਹੈ ਜਿਸ ਦੇ ਦੋਸ਼ੀਆਂ ਨੂੰ ਕਦੇ ਵੀ ਬਖਸ਼ਿਆ ਨਹੀਂ ਜਾ ਸਕਦਾ।”
ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਇੰਨੇ ਸਾਲ ਬੀਤ ਜਾਣ ਤੋਂ ਬਾਅਦ ਵੀ ਇਸ ਘਿਨਾਉਣੇ ਜੁਰਮ ਦੇ ਦੋਸ਼ੀ ਸ਼ਰੇਆਮ ਦਨਦਨਾਉਂਦੇ ਫਿਰਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਅਜਿਹਾ ਸਿਰਫ ਇਸ ਲਈ ਹੋਇਆ ਕਿਉਂ ਜੋ ਦੋਸ਼ੀਆਂ ਨੂੰ ਬਚਾਉਣ ਲਈ ਅਕਾਲੀਆਂ ਅਤੇ ਕਾਂਗਰਸੀਆਂ ਦੀ ਆਪਸੀ ਮਿਲੀਭੁਗਤ ਸੀ। ਹਾਲਾਂਕਿ, ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਦੋਸ਼ੀ ਸਲਾਖਾਂ ਪਿੱਛੇ ਹੋਣਗੇ ਜਿਸ ਲਈ ਉਨ੍ਹਾਂ ਦੀ ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡੇਗੀ
ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ ਸਮੇਂ-ਸਮੇਂ ਦੀਆਂ ਸਰਕਾਰਾਂ ਦੀ ਸ਼ਹਿ ਨਾਲ ਦੋਸ਼ੀ ਸਜ਼ਾ ਤੋਂ ਬਚਦੇ ਆਏ ਹਨ ਪਰ ਉਨ੍ਹਾਂ ਦੀ ਸਰਕਾਰ ਬਣਨ ਤੋਂ ਬਾਅਦ ਇਹ ਵਰਤਾਰਾ ਬੰਦ ਹੋ ਗਿਆ ਕਿਉਂਕਿ ਉਹ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਦ੍ਰਿੜ ਵਚਨਬੱਧ ਹਨ। ਭਗਵੰਤ ਮਾਨ ਨੇ ਕਿਹਾ ਕਿ ਕਾਬਲ ਤੋਂ ਕਾਬਲ ਅਧਿਕਾਰੀ ਜਾਂਚ ਦੀ ਅਗਲੇਰੀ ਪੈਰਵੀ ਕਰਨਗੇ ਅਤੇ ਚੰਗੇ ਤੋਂ ਚੰਗੇ ਵਕੀਲ ਅਦਾਲਤ ਵਿੱਚ ਕੇਸ ਲੜਨਗੇ ਤਾਂ ਜੋ ਦੋਸ਼ੀ ਸਜ਼ਾ ਤੋਂ ਬਚ ਨਾ ਸਕਣ।
ਗੈਂਗਸਟਰਵਾਦ ਨੂੰ ਕੌਮੀ ਸਮੱਸਿਆ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਖਤਰੇ ਨੂੰ ਰੋਕਣ ਲਈ ਸਾਰੇ ਸੂਬਿਆਂ ਨੂੰ ਆਪਸ ਵਿਚ ਹੱਥ ਮਿਲਾਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਸਾਂਝੇ ਯਤਨਾਂ ਸਦਕਾ ਹੀ ਇਸ ਸਮੱਸਿਆ ਨੂੰ ਕਾਰਗਰ ਢੰਗ ਨਾਲ ਖ਼ਤਮ ਕਰਨ ਵਿੱਚ ਮਦਦ ਮਿਲ ਸਕਦੀ ਹੈ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇਸ ਖ਼ਤਰੇ ਨਾਲ ਨਿਪਟਣ ਲਈ ਪਹਿਲਾਂ ਹੀ ਠੋਸ ਰਣਨੀਤੀ ਤਿਆਰ ਕੀਤੀ ਹੈ।