ਪੰਜਾਬ 'ਚ ਚਲਾਨ ਕੱਟਣ ਦੇ ਬਦਲੇ ਨਿਯਮ, ਹੁਣ ਮੋਟੇ ਜੁਰਮਾਨੇ ਦੇ ਨਾਲ ਮਿਲੇਗੀ ਇਹ ਅਨੋਖੀ ਸਜ਼ਾ

in #punjab2 years ago

ਬਠਿੰਡਾ : ਹੁਣ ਜੇਕਰ ਤੁਸੀਂ ਆਪਣੇ ਟ੍ਰੈਫਿਕ ਨਿਯਮਾਂ (Traffic Rules) ਦੀ ਉਲੰਘਣਾ ਕੀਤੀ ਤਾਂ ਤੁਹਾਨੂੰ ਜੁਰਮਾਨੇ ਦੇ ਨਾਲ -ਨਾਲ ਵਿਦਿਆਰਥੀਆਂ ਨੂੰ ਪਡ਼੍ਹਾਈ ਵੀ ਕਰਵਾਉਣੀ ਪੈ ਸਕਦੀ ਹੈ। ਇਸ ਤੋਂ ਇਲਾਵਾ ਹਸਪਤਾਲ ’ਚ ਸੇਵਾ ਤੇ ਖ਼ੂਨਦਾਨ (Blood Donation) ਵੀ ਕਰਨਾ ਪੈ ਸਕਦਾ ਹੈ।

ਸੂਬੇ ਦੇ ਟਰਾਂਸਪੋਰਟ ਵਿਭਾਗ ਨੇ ਮੋਟਰ ਵ੍ਹੀਕਲ ਐਕਟ (Motor Vehicle Act) ਤਹਿਤ ਹੋਣ ਵਾਲੀ ਕਾਰਵਾਈ ’ਚ ਅਜਿਹੇ ਸਮਾਜ ਸੇਵਾ ਵਾਲੇ ਕੰਮਾਂ ਨੂੰ ਵੀ ਸ਼ਾਮਲ ਕਰ ਦਿੱਤਾ ਹੈ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਵਿਭਾਗ ਦੀ ਇਸ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਤੋਂ ਬਾਅਦ ਟਰਾਂਸਪੋਰਟ ਵਿਭਾਗ ਨੇ ਨੋਟੀਫਿਕੇਸ਼ਨ ਜਾਰੀ ਕਰ ਕੇ ਸਬੰਧਤ ਅਥਾਰਟੀ ਨੂੰ ਇਸ ਦੇ ਆਧਾਰ ’ਤੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਨ੍ਹਾਂ ਕੰਮਾਂ ਲਈ ਲੋਕਾਂ ਨੂੰ ਬਦਲ ਵੀ ਦਿੱਤਾ ਜਾਵੇਗਾ। ਉਹ ਆਪਣੀ ਸਹੂਲਤ ਨਾਲ ਸੇਵਾ ਚੁਣ ਸਕਣਗੇ।
ਕਿਹਡ਼ਾ ਨਿਯਮ ਤੋਡ਼ਨ ’ਤੇ ਕੀ ਸਜ਼ਾ

ਨਿਰਧਾਰਤ ਰਫ਼ਤਾਰ ਨਾਲੋਂ ਤੇਜ਼ ਵਾਹਨ ਚਲਾਉਣ ’ਤੇ ਪਹਿਲੀ ਵਾਰੀ ਇਕ ਹਜ਼ਾਰ ਰੁਪਏ ਤੇ ਦੂਜੀ ਵਾਰੀ ਦੋ ਹਜ਼ਾਰ ਰੁਪਏ ਜੁਰਮਾਨਾ ਤਾਂ ਹੋਵੇਗਾ, ਇਸ ਤੋਂ ਇਲਾਵਾ ਨਿਯਮ ਤੋਡ਼ਨ ਵਾਲੇ ਨੂੰ ਟਰਾਂਸਪੋਰਟ ਵਿਭਾਗ ਦਾ ਇਕ ਰਿਫ੍ਰੈਸ਼ਰ ਕੋਰਸ ਕਰਨਾ ਪਵੇਗਾ। ਇਸ ਤੋਂ ਬਾਅਦ ਉਨ੍ਹਾਂ ਨੂੰ ਨਜ਼ਦੀਕੀ ਸਕੂਲ ’ਚ ਨੌਵੀਂ ਤੋਂ ਬਾਰ੍ਹਵੀਂ ਤਕ ਦੇ 20 ਵਿਦਿਆਰਥੀਆਂ ਨੂੰ ਦੋ ਘੰਟੇ ਲਈ ਟ੍ਰੈਫਿਕ ਨਿਯਮਾਂ ਬਾਰੇ ਪਡ਼੍ਹਾਉਣਾ ਪਵੇਗਾ। ਇਸ ਪਿੱਛੋਂ ਨੋਡਲ ਅਫ਼ਸਰ ਵੱਲੋਂ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਨਜ਼ਦੀਕੀ ਹਸਪਤਾਲ ’ਚ ਡਾਕਟਰ ਦੀ ਦੇਖ-ਰੇਖ ’ਚ ਦੋ ਘੰਟਿਆਂ ਤਕ ਸੇਵਾਵਾਂ ਦੇਣੀਆਂ ਪੈਣਗੀਆਂ ਜਾਂ ਫਿਰ ਨਜ਼ਦੀਕੀ ਬਲੱਡ ਬੈਂਕ ’ਚ ਇਕ ਯੂਨਿਟ ਖ਼ੂਨਦਾਨ ਕਰਨਾ ਪਵੇਗਾ। ਦੂਜੀ ਵਾਰੀ ਇਹ ਉਲੰਘਣਾ ਕਰਨ ’ਤੇ ਜੁਰਮਾਨੇ ਦੀ ਰਾਸ਼ੀ ਦੁੱਗਣੀ ਹੋ ਜਾਵੇਗੀ, ਪਰ ਸਮਾਜਿਕ ਸੇਵਾ ਇਹੀ ਰਹੇਗੀ।