ਸਿਹਤ ਸੰਭਾਲ ਸਰਕਾਰ ਦੀਆਂ ਤਰਜੀਹਾਂ ਵਿੱਚ ਸ਼ਾਮਲ: ਮੋਦੀ

in #punjab2 years ago

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਿਊ ਚੰਡੀਗੜ੍ਹ (ਮੁੱਲਾਂਪੁਰ) ’ਚ ਟਾਟਾ ਮੈਮੋਰੀਅਲ ਸੈਂਟਰ (ਹੋਮੀ ਭਾਬਾ ਕੈਂਸਰ ਹਸਪਤਾਲ ਤੇ ਖੋਜ ਕੇਂਦਰ) ਦਾ ਉਦਘਾਟਨ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਨੂੰ ਵਿਕਸਿਤ ਮੁਲਕ ਬਣਾਉਣ ਲਈ ਦੇਸ਼ ਦੀਆਂ ਸਿਹਤ ਸੇਵਾਵਾਂ ’ਚ ਸੁਧਾਰ ਮਹੱਤਵਪੂਰਨ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਹਸਪਤਾਲ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਸੇਵਾਵਾਂ ਦੇਵੇਗਾ। ਉਨ੍ਹਾਂ ਕੈਂਸਰ ਦੇ ਇਲਾਜ ਲਈ ਸਿਹਤ ਸਹੂਲਤਾਂ ਪ੍ਰਦਾਨ ਕਰਨ ਬਾਰੇ ਸਰਕਾਰ ਦੀ ਵਚਨਬੱਧਤਾ ਵੀ ਦੁਹਰਾਈ। ਉਨ੍ਹਾਂ ਕਿਹਾ ਕਿ ਟਾਟਾ ਮੈਮੋਰੀਅਲ ਸੈਂਟਰ ਹੁਣ ਹਰ ਸਾਲ 1.5 ਲੱਖ ਨਵੇਂ ਮਰੀਜ਼ਾਂ ਦੇ ਇਲਾਜ ਲਈ ਤਿਆਰ ਹੈ। ਇਹ ਨਵਾਂ ਹਸਪਤਾਲ ਤੇ ਏਮਸ-ਬਿਲਾਸਪੁਰ ਮਿਲ ਕੇ ਪੀਜੀਆਈ ਤੋਂ ਵੀ ਬੋਝ ਘਟਾਉਣਗੇ। ਉਨ੍ਹਾਂ ਕਿਹਾ ਕਿ ਇਸ ਨਾਲ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਰਾਹਤ ਮਿਲੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਪੂਰਨ ਸਿਹਤ ਸੰਭਾਲ ਪਿਛਲੇ ਅੱਠ ਸਾਲਾਂ ਵਿਚ ਦੇਸ਼ ’ਚ ਮੁੱਖ ਤਰਜੀਹਾਂ ਵਿਚੋਂ ਇਕ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਸਿਹਤ ਸਹੂਲਤਾਂ ਨੂੰ ਛੇ ਪਹਿਲੂਆਂ ਉਤੇ ਕੰਮ ਕਰ ਕੇ ਬਿਹਤਰ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿਚ ਰੋਕਥਾਮ ਲਈ ਸਿਹਤ ਸੰਭਾਲ, ਪਿੰਡਾਂ ਵਿਚ ਛੋਟੇ ਤੇ ਆਧੁਨਿਕ ਹਸਪਤਾਲ ਖੋਲ੍ਹਣਾ, ਸ਼ਹਿਰਾਂ ਵਿਚ ਮੈਡੀਕਲ ਕਾਲਜ ਤੇ ਵੱਡੀਆਂ ਖੋਜ ਸੰਸਥਾਵਾਂ ਸ਼ੁਰੂ ਕਰਨਾ, ਡਾਕਟਰਾਂ ਤੇ ਪੈਰਾ-ਮੈਡੀਕਲ ਸਟਾਫ਼ ਦੀ ਗਿਣਤੀ ਵਧਾਉਣਾ, ਮਰੀਜ਼ਾਂ ਨੂੰ ਕਿਫ਼ਾਇਤੀ ਦਰਾਂ ਉਤੇ ਦਵਾਈਆਂ ਤੇ ਮੈਡੀਕਲ ਉਪਕਰਨ ਦੇਣਾ ਤੇ ਤਕਨੀਕ ਦੇ ਇਸਤੇਮਾਲ ਰਾਹੀਂ ਮਰੀਜ਼ਾਂ ਨੂੰ ਆਉਂਦੀਆਂ ਮੁਸ਼ਕਲਾਂ ਘਟਾਉਣਾ ਸ਼ਾਮਲ ਹਨ। ਮੋਦੀ ਨੇ ਕਿਹਾ ਕਿ ਗੁਣਵੱਤਾ ਭਰਪੂਰ ਟੈਸਟਿੰਗ ਸਹੂਲਤਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਮੁਲਕ ਵਿਚ 1.5 ਲੱਖ ‘ਹੈਲਥ ਤੇ ਵੈੱਲਨੈੱਸ ਸੈਂਟਰ’ ਸਥਾਪਿਤ ਕੀਤੇ ਜਾ ਰਹੇ ਹਨ। ਇਨ੍ਹਾਂ ਵਿਚੋਂ 1.25 ਲੱਖ ਕੇਂਦਰ ਸਥਾਪਿਤ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ 3 ਹਜ਼ਾਰ ਸੈਂਟਰ ਚੱਲ ਰਹੇ ਹਨ। ਮੋਦੀ ਨੇ ਕਿਹਾ ਕਿ ਪੂਰੇ ਮੁਲਕ ਵਿਚ 22 ਕਰੋੜ ਤੋਂ ਵੱਧ ਲੋਕਾਂ ਦੀ ਕੈਂਸਰ ਲਈ ਸਕਰੀਨਿੰਗ ਕੀਤੀ ਗਈ ਹੈ। ਇਕੱਲੇ ਪੰਜਾਬ ਵਿਚ ਹੀ 60 ਲੱਖ ਲੋਕਾਂ ਦੀ ਕੈਂਸਰ ਲਈ ਸਕਰੀਨਿੰਗ ਹੋਈ ਹੈ। ਇਸ ਮੌਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ, ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ, ਰਾਜਪਾਲ ਬਨਵਾਰੀ ਲਾਲ ਪੁਰੋਹਿਤ, ਭਾਜਪਾ ਦੇ ਕਈ ਸੀਨੀਅਰ ਆਗੂ, ਸੰਸਦ ਮੈਂਬਰ ਮਨੀਸ਼ ਤਿਵਾੜੀ, ਪੰਜਾਬ ਦੀ ਕੈਬਨਿਟ ਸਮੇਤ ‘ਆਪ’ ਦੇ ਵਿਧਾਇਕ ਹਾਜ਼ਰ ਸਨ। ਜ਼ਿਕਰਯੋਗ ਹੈ ਕਿ 30 ਦਸੰਬਰ 2013 ਨੂੰ ਤਤਕਾਲੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਇਸ ਕੈਂਸਰ ਹਸਪਤਾਲ ਤੇ ਖੋਜ ਕੇਂਦਰ ਦਾ ਨੀਂਹ ਪੱਥਰ ਰੱਖਿਆ ਸੀ। ਸ਼ਿਵਾਲਿਕ ਦੀਆਂ ਪਹਾੜੀਆਂ ਨੇੜੇ ਭਾਰਤ ਸਰਕਾਰ ਦੇ ਪ੍ਰਮਾਣੂ ਊਰਜਾ ਵਿਭਾਗ ਦੀ ਸਹਾਇਤਾ ਨਾਲ ਕਰੀਬ 9 ਸਾਲਾਂ ਵਿੱਚ ਬਣ ਕੇ ਤਿਆਰ ਹੋਏ ਇਸ ਵੱਕਾਰੀ ਪ੍ਰਾਜੈਕਟ ’ਤੇ 660 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ। pm modi.webp