ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਬੁੱਤ ’ਤੇ ਖਾਲਿਸਤਾਨ ਜ਼ਿੰਦਾਬਾਦ ਦੇ ਲਿਖੇ ਨਾਅਰੇ

in #punjab2 years ago

ਸਥਾਨਕ ਬੀਐੱਮਸੀ ਚੌਕ ਵਿੱਚ ਲੱਗੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਬੁੱਤ ਦੁਆਲੇ ਲੱਗੇ ਸ਼ੀਸ਼ੇ ’ਤੇ ਕਿਸੇ ਵੱਲੋਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖ ਦਿੱਤੇ ਗਏ। ਇਸ ਦੇ ਨਾਲ ਹੀ ‘ਖੇਡਾਂ ਵਤਨ ਪੰਜਾਬ ਦੀਆਂ’ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਦੇ ਲੱਗੇ ਹੋਰਡਿੰਗ ’ਤੇ ਵੀ ਨਾਅਰੇ ਲਿਖੇ ਗਏ ਸਨ, ਜਿਸ ਨੂੰ ਪੁਲੀਸ ਨੇ ਮਿਟਾ ਦਿੱਤਾ। ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਭਲਕੇ ਸੋਮਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਵਿੱਚ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਉਦਘਾਟਨ ਕਰਨ ਆ ਰਹੇ ਹਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਮੌਕੇ ’ਤੇ ਪਹੁੰਚੀ ਤੇ ਸ਼ੀਸ਼ਾ ਸਾਫ਼ ਕਰਵਾ ਦਿੱਤਾ। ਦੱਸਣਯੋਗ ਕਿ ਜਿੱਥੇ ਸਾਬਕਾ ਮੁੱਖ ਮੰਤਰੀ ਦਾ ਬੁੱਤ ਲੱਗਾ ਹੋੋਇਆ ਹੈ ਉੱਥੇ ਬੀਐੱਮਸੀ ਚੌਕ ਵਿੱਚ ਹਰ ਵੇਲੇ ਪੁਲੀਸ ਤਾਇਨਾਤ ਰਹਿੰਦੀ ਹੈ ਤੇ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਹਨ। ਹੁਣ ਮੁਲਜ਼ਮਾਂ ਦਾ ਪਤਾ ਲਾਉਣ ਲਈ ਇਨ੍ਹਾਂ ਕੈਮਰਿਆਂ ਸਣੇ ਸ਼ਹਿਰ ਦੇ ਹੋਰ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਘਲੀ ਜਾ ਰਹੀ ਹੈ। ਕੇਂਦਰ ਵੱਲੋਂ ਪਾਬੰਦੀਸ਼ੁਦਾ ਜਥੇਬੰਦੀ ‘ਸਿੱਖਸ ਫ਼ਾਰ ਜਸਟਿਸ’ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਇਸ ਦੀ ਜ਼ਿੰਮੇਵਾਰੀ ਲੈਂਦਿਆਂ ਇੱਕ ਵੀਡੀਓ ਵੀ ਜਾਰੀ ਕੀਤੀ ਹੈ ਜਿਸ ਵਿੱਚ ਬੁੱਤ ਅਤੇ ਬੋਰਡ ’ਤੇ ਲਿਖ਼ੇ ਨਾਅਰੇ ਦਿਖਾਏ ਗਏ ਹਨ। ਵੀਡੀਓ ਵਿੱਚ ਗੁਰਪਤਵੰਤ ਪੰਨੂ ਨੇ ਬੁੱਤ ’ਤੇ ਜਾਣ ਵਾਲੇ ਕਾਂਗਰਸੀਆਂ ਤੇ ਪੰਜਾਬ ਪੁਲੀਸ ਨੂੰ ਅੰਜਾਮ ਭੁਗਤਣ ਦੀ ਧਮਕੀ ਵੀ ਦਿੱਤੀ ਹੈ। ਇਸ ਤੋਂ ਇਲਾਵਾ ਪੰਨੂ ਨੇ 31 ਅਗਸਤ ਨੂੰ ਭਾਈ ਦਿਲਾਵਰ ਸਿੰਘ ਦੇ ਸਬੰਧ ਵਿੱਚ ਅਕਾਲ ਤਖ਼ਤ ਸਾਹਿਬ ’ਤੇ ਹੋਣ ਵਾਲੇ ਸਮਾਗਮ ਸਬੰਧੀ ਵੀ ਸੱਦਾ ਦਿੱਤਾ ਹੈ।