ਹਿਮਾਚਲ 'ਚ ਮੀਂਹ ਦਾ ਕਹਿਰ

in #punjab2 years ago

ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਨੇ ਭਾਰੀ ਤਬਾਹੀ ਮਚਾਈ ਹੈ। ਕਾਂਗੜਾ ਵਿੱਚ ਜਿੱਥੇ ਅੰਗਰੇਜ਼ਾਂ ਦੇ ਜ਼ਮਾਨੇ ਦਾ ਚੱਕੀ ਵਾਲਾ ਰੇਲਵੇ ਪੁਲ ਟੁੱਟ ਗਿਆ ਹੈ। ਇਸ ਦੇ ਨਾਲ ਹੀ ਮੰਡੀ ਵਿੱਚ ਵੀ ਮੀਂਹ ਨੇ ਇੱਕ ਪਰਿਵਾਰ ਨੂੰ ਤਬਾਹ ਕਰ ਦਿੱਤਾ ਹੈ। ਮੰਡੀ ਜ਼ਿਲੇ ਦੇ ਗੋਹਰ ਵਿਖੇ ਪ੍ਰਧਾਨ ਦਾ ਘਰ ਪਹਾੜ ਖਿਸਕਣ ਕਾਰਨ ਮਲਬੇ ਹੇਠ ਸੁੱਤੇ ਪਏ ਕੁੱਲ ਸੱਤ ਮੈਂਬਰ ਦੱਬ ਗਏ ਹਨ। ਅਜੇ ਤੱਕ ਕਿਸੇ ਦਾ ਵੀ ਪਤਾ ਨਹੀਂ ਲਗਿਆ ਹੈ। ਭਾਰੀ ਮੀਂਹ ਕਾਰਨ ਮੰਡੀ ਅਤੇ ਕੁੱਲੂ ਵਿੱਚ ਸਕੂਲ ਅਤੇ ਹੋਰ ਵਿੱਦਿਅਕ ਅਦਾਰੇ ਬੰਦ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਤਿੰਨ ਤਹਿਸੀਲਾਂ ਚੰਬਾ, ਡਲਹੌਜ਼ੀ, ਸਿੰਘੂਟਾ ਅਤੇ ਚੁਵਾੜੀ ਵਿੱਚ ਵਿਦਿਅਕ ਅਦਾਰੇ ਵੀ ਇੱਕ ਦਿਨ ਲਈ ਬੰਦ ਕਰ ਦਿੱਤੇ ਹਨ।
ਚੰਬਾ 'ਚ ਮਲਬੇ 'ਚ ਦੱਬਣ ਨਾਲ ਪਤੀ-ਪਤਨੀ ਅਤੇ ਬੇਟੇ ਦੀ ਮੌਤ
ਚੰਬਾ ਜ਼ਿਲੇ 'ਚ ਭਾਰੀ ਮੀਂਹ ਕਾਰਨ ਕੰਧ ਤੋੜ ਕੇ ਮਲਬਾ ਘਰ 'ਚ ਦਾਖਲ ਹੋ ਗਿਆ, ਜਿਸ ਕਾਰਨ ਤਿੰਨ ਲੋਕ ਲਾਪਤਾ ਹੋ ਗਏ। ਦਿਹਾਤੀ ਅਤੇ ਪ੍ਰਸ਼ਾਸਨਿਕ ਟੀਮਾਂ ਨੇ ਲਾਪਤਾ ਪਤੀ, ਪਤਨੀ ਅਤੇ ਪੁੱਤਰ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਭੱਟੀਆਂ ਇਲਾਕੇ ਦੀ ਬਨੇਤ ਪੰਚਾਇਤ ਦੇ ਜੁਲਾਡਾ ਵਾਰਡ ਨੰਬਰ ਇੱਕ ਵਿੱਚ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਘਟਨਾ ਦੇਰ ਰਾਤ ਢਾਈ ਵਜੇ ਵਾਪਰੀ। ਮਲਬੇ ਹੇਠ ਦੱਬੀਆਂ ਪਤੀ-ਪਤਨੀ ਅਤੇ ਪੁੱਤਰ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਚੁਵਾੜੀ ਭੇਜ ਦਿੱਤਾ ਗਿਆ ਹੈ।