ਫ਼ਸਲਾਂ ਦੀ ਰਹਿੰਦ-ਖੂੰਹਦ ਦੀ ਸਾਂਭ ਸੰਭਾਲ ਸਬੰਧੀ ਲਗਾਇਆ ਬਲਾਕ ਪੱਧਰੀ ਕੈਂਪ

in #mansa2 years ago

ਕਿ੍ਰਸ਼ੀ ਵਿਗਿਆਨ ਕੇਂਦਰ ਵੱਲੋਂ ਫ਼ਸਲਾਂ ਦੀ ਰਹਿੰਦ-ਖੂੰਹਦ ਦੀ ਸਾਂਭ ਸੰਭਾਲ
ਸਬੰਧੀ ਲਗਾਇਆ ਬਲਾਕ ਪੱਧਰੀ ਕੈਂਪ20221007_110416.jpg
*ਕਿਸਾਨਾਂ ਨੂੰ ਪਰਾਲੀ ਦੀ ਸਾਂਭ ਸੰਭਾਲ ਲਈ ਵਰਤੀ ਜਾਂਦੀ ਮਸ਼ੀਨਰੀ
ਬਾਰੇ ਕਰਵਾਇਆ ਜਾਣੂ
*80 ਤੋਂ ਵਧੇਰੇ ਕਿਸਾਨਾਂ ਨੇ ਲਿਆ ਬਲਾਕ ਪੱਧਰੀ ਕੈਂਪ ਵਿਚ ਭਾਗ
ਮਾਨਸਾ, 08 ਅਕਤੂਬਰ:
ਡਾ. ਗੁਰਦੀਪ ਸਿੰਘ , ਡਿਪਟੀ ਡਾਇਰੈਕਟਰ (ਟ੍ਰੇਨਿੰਗ), ਕਿ੍ਰਸ਼ੀ ਵਿਗਿਆਨ ਕੇਂਦਰ ਮਾਨਸਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਿ੍ਰਸ਼ੀ ਵਿਗਿਆਨ ਕੇਂਦਰ ਮਾਨਸਾ ਵੱਲੋਂ ਜ਼ਿਲ੍ਹਾ ਮਾਨਸਾ ਦੇ ਪਿੰਡ ਨੰਗਲ ਖੁਰਦ ਵਿਖੇ ਫ਼ਸਲਾਂ ਦੀ ਰਹਿੰਦ-ਖੂੰਹਦ ਦੀ ਸਾਂਭ ਸੰਭਾਲ ਸਬੰਧੀ ਬਲਾਕ ਪੱਧਰੀ ਕੈਂਪ ਲਗਾਇਆ ਗਿਆ, ਜਿੱਥ 80 ਤੋਂ ਵੱਧ ਕਿਸਾਨ ਵੀਰਾਂ ਨੇ ਭਾਗ ਲਿਆ ਅਤੇ ਮਾਹਿਰਾਂ ਵਲੋਂ ਕਿਸਾਨਾਂ ਦੇ ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਦਿੱਤੇ ਗਏ।
ਇਸ ਮੌਕੇ ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਮੈਡਮ ਰਾਜਿੰਦਰ ਕੌਰ ਨੇ ਕਿ੍ਰਸ਼ੀ ਵਿਗਿਆਨ ਕੇਂਦਰ, ਖੋਖਰ ਖੁਰਦ, ਮਾਨਸਾ ਦੀਆਂ ਗਤਿਵਿਧਿਆਂ ਬਾਰੇ ਜਾਣੂ ਕਰਵਾਉਂਦਿਆਂ ਦੱਸਿਆ ਕਿ ਇਸ ਕੇਂਦਰ ਵਲੋਂ ਕਿਸਾਨ ਵੀਰਾਂ, ਨੌਜਵਾਨਾਂ ਅਤੇ ਕਿਸਾਨ ਬੀਬੀਆਂ ਨੂੰ ਸਹਾਇਕ ਕਿੱਤਿਆਂ ਪ੍ਰਤੀ ਉਤਸ਼ਾਹਿਤ ਕਰਨ ਲਈ ਕਿੱਤਾਮੁਖੀ ਸਿਖਲਾਈ ਪ੍ਰੋਗਰਾਮ ਕਰਵਾਏ ਜਾਂਦੇ ਹਨ। ਇਸ ਤੋਂ ਇਲਾਵਾ ਇਸ ਕੇਂਦਰ ਵੱਲੋਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੁਆਰਾ ਦਿੱਤੀਆਂ ਵੱਖ-ਵੱਖ ਫ਼ਸਲਾਂ ਦੀਆਂ ਕਿਸਮਾਂ ਦੇ ਸੁਧਰੇ ਬੀਜ ਵੀ ਕਿਸਾਨਾਂ ਨੂੰ ਮੁਹੱਈਆ ਕਰਵਾਏ ਜਾਂਦੇ ਹਨ।
ਇੰਜ ਅਲੋਕ ਗੁਪਤਾ, ਸਹਾਇਕ ਪ੍ਰੋਫੈਸਰ (ਮਿੱਟੀ ਅਤੇ ਪਾਣੀ ਇੰਜ.) ਨੇ ਕਿਸਾਨਾਂ ਨੂੰ ਪਰਾਲੀ ਦੀ ਸਾਂਭ-ਸੰਭਾਲ ਲਈ ਵਰਤੀ ਜਾਣ ਵਾਲੀ ਮਸ਼ੀਨਰੀ ਬਾਰੇ ਜਾਗਰੂਕ ਕੀਤਾ। ਉਨ੍ਹਾਂ ਕਿਸਾਨ ਵੀਰਾਂ ਨੂੰ ਝੋਨੇ ਦੀ ਪਰਾਲੀ ਖੇਤ ਵਿਚ ਵਾਹੁਣ ਦੀ ਸਲਾਹ ਦਿੰਦੇ ਹੋਏ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਵਿਕਸਿਤ ਕੀਤੇ “ਸਮਾਰਟ ਸੀਡਰ“ ਬਾਰੇ ਵਿਸਥਾਰ ਵਿਚ ਦੱਸਿਆ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਸਾੜਨ ਨਾਲ ਜਿੱਥੇ ਪਰਾਲੀ ਵਿਚ ਮੌਜੂਦਾ ਤੱਤ ਨਸ਼ਟ ਹੁੰਦੇ ਹਨ ਓਥੇ ਹੀ ਮਿਟੀ ਦੀ ਸਤਹਿ ਉੱਪਰ ਪਲ ਰਹੇ ਜੀਵਾਣੂ ਵੀ ਅੱਗ ਦੀ ਲਪੇਟ ਵਿਚ ਆ ਜਾਂਦੇ ਹਨ। ਇਸ ਨਾਲ ਮਿਟੀ, ਪੌਣ-ਪਾਣੀ, ਪਸ਼ੂ, ਪੰਛੀ ਅਤੇ ਮਨੁੱਖਾਂ ਨੂੰ ਨੁਕਸਾਨ ਪਹੁੰਚਦਾ ਹੈ।
ਉਨ੍ਹਾਂ ਕਿਹਾ ਕਿ ਖੇਤੀ ਨੂੰ ਲੰਬੇ ਸਮੇਂ ਤੱਕ ਕਾਮਯਾਬ ਕਿੱਤਾ ਬਣਾਈ ਰੱਖਣ ਲਈ ਪਾਣੀ ਅਤੇ ਮਿਟੀ ਦੀ ਸਿਹਤ ਨੂੰ ਬਰਕਰਾਰ ਰੱਖਣਾ ਜ਼ਰੂਰੀ ਹੋਵੇਗਾ। ਇਸ ਪ੍ਰੋਗਰਾਮ ਦੇ ਅੰਤ ਵਿਚ ਡਾ. ਰਣਵੀਰ ਸਿੰਘ, ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਨੇ ਕਿਸਾਨ ਵੀਰਾਂ ਨੂੰ ਹਾੜ੍ਹੀ ਦੀਆਂ ਫ਼ਸਲਾਂ ਦੀ ਕਾਸ਼ਤ ਕਰਦੇ ਸਮੇਂ ਯੂਨੀਵਰਸਿਟੀ ਦੀਆਂ ਸਿਫ਼ਾਰਿਸ਼ ਕਿਸਮਾਂ ਅਤੇ ਕਾਸ਼ਤ ਦੇ ਢੰਗ ਅਪਨਾਉਣ ’ਤੇ ਜ਼ੋਰ ਦਿੱਤਾ। ਇਸ ਦੇ ਨਾਲ-ਨਾਲ ਉਨ੍ਹਾਂ ਕਿਸਾਨਾਂ ਨੂੰ ਤੇਲਬੀਜ ਫ਼ਸਲਾਂ ਅਤੇ ਛੋਟੇ ਅਨਾਜ ਰਾਹੀਂ ਖੇਤੀ ਵਿਭਿੰਨਤਾ ਵੱਲ ਆਉਣ ਲਈ ਪ੍ਰੇਰਿਆ।