ਛੇ ਮਹੀਨੇ ਪਹਿਲੇ ਬਣੀ ਸੜਕ ਵਿੱਚ ਪੈ ਗਏ ਟੋਏ, ਵਿਭਾਗ ਨੇ ਠੇਕੇਦਾਰ ਨੂੰ ਭੇਜਿਆ ਫਾਈਨਲ ਨੋਟਿਸ

in #kahnuwan2 years ago

IMG_20220608_180427.jpg

ਗੁਰਦਾਸਪੁਰ_ਸ੍ਰੀ ਹਰਗੋਬਿੰਦਪੁਰ ਰੋਡ ਜੋ ਹਾਲੇ ਪੂਰੀ ਬਣੀ ਵੀ ਨਹੀ, ਸੜਕ ਦਾ ਕੁਝ ਹਿੱਸਾ ਠੇਕੇਦਾਰ ਵੱਲੋਂ ਬਿਨਾਂ ਬਣਾਏ ਹੀ ਛੱਡ ਦਿੱਤਾ ਗਿਆ ਸੀ। 40 ਕਿੱਲੋ ਮੀਟਰ ਲੰਬੀ ਇਸ ਸੜਕ ਦੇ ਕਾਹਨੂੰਵਾਨ ਇਲਾਕੇ ਵਿੱਚ ਪੈਂਦੇ ਨਹਿਰ ਵਿਭਾਗ ਵਿਭਾਗ ਦੇ ਅਰਾਮ ਘਰ ਤੋਂ ਲੈ ਕੇ ਸਠਿਆਲੀ ਪੁੱਲ ਤੱਕ ਅਤੇ ਸ੍ਰੀ ਹਰਗੋਬਿੰਦਪੁਰ‌ ਕਸਬੇ ਦੇ ਨੇੜੇ ਬਿਨਾਂ ਬਣਾਏ ਛੱਡ ਦਿੱਤੇ ਗਏ ਕੁਝ ਕਿਲੋਮੀਟਰ ਦੇ ਹਿੱਸੇ ਨੂੰ ਬਣਾਉਣ ਲਈ ਲੋਕ ਨਿਰਮਾਣ ਵਿਭਾਗ (ਬੀ ਐਡ ਆਰ) ਅਧਿਕਾਰੀਆਂ ਵੱਲੋਂ ਠੇਕੇਦਾਰ ਨੂੰ ਕਈ ਨੋਟਿਸ ਕੱਢੇ ਜਾ ਚੁੱਕੇ ਹਨ ਪਰ ਠੇਕੇਦਾਰ ਵੱਲੋਂ ਇਸ ਕੰਮ ਨੂ ਪੂਰਾ ਕਰਨ ਵਿਚ ਕੋਈ ਦਿਲਚਸਪੀ ਨਹੀਂ ਦਿਖਾਈ ਜਾ ਰਹੀ । ਪਰ ਹੁਣ ਇਸ ਸੜਕ ਤੇ ਅਕਾਲ ਐਕਡਮੀ ਤੋਂ ਲੈ ਕੇ ਮਾਨ ਕੌਰ ਸਿੰਘ ਮੋੜ ਤਕ‌ ਦੇ ਹਿੱਸੇ ਵਿੱਚ ਟੋਏ ਪੈਣੇ ਸ਼ੁਰੂ ਹੋ ਗਏ ਹਨ। ਇਲਾਕਾ ਨਿਵਾਸੀਆਂ ਅਤੇ ਸੜਕ ਤੇ ਸਥਿਤ ਦੁਕਾਨਦਾਰਾਂ ਨੇ ਦੱਸਿਆ ਕਿ ਅਕਾਲ ਅਕੈਡਮੀ ਤੋਂ ਲੈ ਸਿੱਧਵਾਂ ਅੱਡੇ ਤੋਂ ਥੋੜ੍ਹੀ ਅੱਗੇ ਤੱਕ ਤਿੰਨ ਵੱਡੇ ਵੱਡੇ ਅਤੇ ਚਾਰ-ਪੰਜ ਛੋਟੇ-ਛੋਟੇ ਟੋਏ ਪੈ ਚੁੱਕੇ ਹਨ। ਜਿਸ ਕਾਰਨ ਆਉਣ ਜਾਣ ਵਾਲੇ ਵਾਹਨ ਚਾਲਕਾਂ ਖ਼ਾਸ ਕਰ ਦੁਪਹਿਏ ਵਾਹਨ ਚਾਲਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਹ ਪਰੇਸ਼ਾਨੀ ਰਾਤ ਵੇਲੇ ਹੋਰ ਵੱਧ ਜਾਂਦੀ ਹੈ ‌ਕਿਉਂਕਿ ਇਸ ਰੋਡ ਤੇ ਰਾਤ ਨੂੰ ਰੋਸ਼ਨੀ ਦਾ ਵੀ ਪ੍ਰਬੰਧ ਨਹੀਂ ਹੈ। ਦੱਸਣਯੋਗ ਹੈ ਕਿ ਜਦੋਂ ਸੜਕ ਬਣਾਉਣ ਦਾ ਠੇਕਾ ਕਿਸੇ ਠੇਕੇਦਾਰ ਨੂੰ ਦਿੱਤਾ ਜਾਂਦਾ ਹੈ ਤਾ ਉਸ ਨੂੰ ਪੰਜ ਸਾਲ ਲਈ ਸੜਕ ਦੀ ਮੈਂਟੀਨੈਂਸ ਦਾ ਕਰਾਰ ਵੀ ਵਿਭਾਗ ਨਾਲ ਕਰਨਾ ਪੈਂਦਾ ਹੈ। ਪੰਜ ਸਾਲ ਦੌਰਾਨ ਜੇਕਰ ਸੜਕ ਟੁੱਟਦੀ ਫੁੱਟਦੀ ਹੈ ਤਾਂ ਉਸ ਦੀ ਮੁਰੰਮਤ ਕਰਨਾ ਠੇਕੇਦਾਰੀ ਦੀ ਜ਼ਿੰਮੇਦਾਰੀ ਹੁੰਦੀ ਹੈ।ਸਥਾਨਕ ਲੋਕਾਂ ਨੇ ਮੰਗ ਕੀਤੀ ਕਿ ਇਸ ਨਵੀਂ ਬਣੀ ਸੜਕ ਤੇ ਪਏ ਟੋਇਆਂ ਨੂੰ ਜਲਦੀ ਤੋਂ ਜਲਦੀ ਠੀਕ ਕਰਵਾਇਆ ਜਾਏ।
ਦੂਜੇ ਪਾਸੇ ਜਦ ਇਸ ਬਾਰੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਐਸ ਡੀ ਓ ਲਵਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਇਸ ਸੜਕ ਨੂੰ ਬਣਾਉਣ ਵਾਲੇ ਮੁਕੇਰੀਆਂ ਦੇ ਰਹਿਣ ਵਾਲੇ ਠੇਕੇਦਾਰ ਨੂੰ ਕੰਮ ਪੂਰਾ ਕਰਨ ਲਈ ਫਾਈਨਲ ਨੋਟਿਸ ਵਿਭਾਗ ਵੱਲੋਂ ਭੇਜ ਦਿੱਤਾ ਗਿਆ ਹੈ। ਸੜਕ ਦਾ ਕੁਝ ਹਿੱਸਾ ਅਜੇ ਬਣਨ ਵਾਲਾ ਹੈ ਜਦਕਿ ਕੁਝ ਹਿੱਸੇ ਦਾ ਪੈਚ ਵਰਕ ਅਤੇ ‌ ਲੁੱਕ ਪਾਉਣ ਦਾ ਕੰਮ ਵੀ ਬਾਕੀ ਹੈ ਪਰ ਠੇਕੇਦਾਰ ਨੂੰ ਸਿਰਫ ਉਸ ਵੱਲੋਂ ਕੀਤੇ ਗਏ ਕੰਮ ਦਾ ਲਗਭਗ 95 ਫੀਸਦੀ ਭੁਗਤਾਨ ਹੀ ਕੀਤਾ ਗਿਆ ਹੈ। ਉਸ ਵੱਲੋਂ ਛੱਡੇ ਗਏ ਸੜਕ ਦੇ ਹਿੱਸੇ ਦਾ ਭੁਗਤਾਨ ‌ ਨਹੀਂ ਕੀਤਾ ਗਿਆ ਅਤੇ ਉਸ ਵੱਲੋਂ ਕੀਤੇ ਗਏ ਕੰਮ ਦਾ ਵੀ 5 ਫ਼ੀਸਦੀ ਤੋਂ ਜ਼ਿਆਦਾ ਭੁਗਤਾਨ ਬਾਕੀ ਹੈ। ਫਾਈਨਲ ਨੋਟਿਸ ਦੇ ਬਾਵਜੂਦ ਠੇਕੇਦਾਰ ਸੜਕ ਦਾ ਕੰਮ ਪੂਰਾ ਨਹੀਂ ਕਰਦਾ ਅਤੇ ਰਹਿੰਦਾ ਪੈਚ ਵਰਕ ਕਰਨ ਵਿਚ ਵੀ ਆਨਾਕਾਨੀ ਕਰਦਾ ਹੈ ਤਾਂ ਉਸ ਦਾ ਬਕਾਇਆ ਭੁਗਤਾਨ ਵੀ ਨਹੀਂ ਕੀਤਾ ਜਾਵੇਗਾ ਅਤੇ ਉਸ ਨੂੰ ਪਨੈਲਟੀ ਪਾਉਣ ਦੇ ਨਾਲ ਨਾਲ ਵਿਭਾਗੀ ਕਾਰਵਾਈ ਦੀ ਉਸ ਦੇ ਖਿਲਾਫ ਕੀਤੀ ਜਾ ਸਕਦੀ ਹੈ।