ਕਾਹਨੂੰਵਾਨ ਦੇ ਕਿਸਾਨਾਂ ਨੇ ਸਵੈ-ਇੱਛਾ ਨਾਲ 119 ਏਕੜ ਜ਼ਮੀਨ ਛੱਡੀ

in #kahnuwan2 years ago

IMG_20220528_110314.jpgਪੰਜਾਬ ਸਰਕਾਰ ਵਲੋਂ ਪੰਚਾਇਤੀ ਅਤੇ ਸਰਕਾਰੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਮਹਿੰਮ ਨਿਰੰਤਰ ਜਾਰੀ ਰਹੇਗੀ ਅਤੇ 30 ਜੂਨ ਤਕ ਲੋਕ ਪੰਚਾਇਤੀ ਜ਼ਮੀਨ ਤੋਂ ਸਵੈ ਇੱਛਾ ਨਾਲ ਕਬਜ਼ੇ ਛੱਡ ਸਕਦੇ ਹਨ। ਇਹ ਪ੍ਰਗਟਾਵਾ ਸ. ਕੁਲਦੀਪ ਸਿੰਘ ਧਾਲੀਵਾਲ ਪੇਂਡੂ ਵਿਕਾਸ ਅਤੇ ਪੰਚਾਇਤ, ਪਸ਼ੂ ਪਾਲਣ, ਮੱਛੀ ਤੇ ਡੇਅਰੀ ਵਿਕਾਸ ਅਤੇ ਪ੍ਰਵਾਸੀ ਮਾਮਲਿਆਂ ਦੇ ਮੰਤਰੀ ਨੇ ਸਥਾਨਕ ਪੰਚਾਇਤ ਭਵਨ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਦੋਰਾਨ ਕੀਤਾ। ਇਸ ਮੌਕੇ ਅਮਨਸ਼ੇਰ ਸਿੰਘ ਸੈਰੀ ਕਲਸੀ, ਹਲਕਾ ਵਿਧਾਇਕ ਬਟਾਲਾ, ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ, ਹਰਜੀਤ ਸਿੰਘ ਐਸ.ਐਸ.ਪੀ ਗੁਰਦਾਸਪੁਰ, ਡਾ. ਅਮਨਦੀਪ ਕੋਰ ਵਧੀਕ ਡਿਪਟੀ ਕਮਿਸ਼ਨਰ (ਜ/ਸ਼ਹਿਰੀ ਵਿਕਾਸ), ਰਵਿੰਦਰਪਾਲ ਸਿੰਘ ਸੰਧੂ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀਮਤੀ ਅਮਨਦੀਪ ਕੋਰ ਘੁੰਮਣ ਐਸ.ਡੀ.ਐਮ ਗੁਰਦਾਸਪੁਰ, ਆਪ ਪਾਰਟੀ ਦੇ ਸੀਨੀਅਰ ਆਗੂ ਰਮਨ ਬਹਿਲ, ਕਸ਼ਮੀਰ ਸਿੰਘ ਵਾਹਲਾ, ਗੁਰਦੀਪ ਸਿੰਘ ਰੰਧਾਵਾ, ਐਡਵੋਕੈਟ ਜਗਰੂਪ ਸਿੰਘ ਸੇਖਵਾਂ, ਸਮਸ਼ੇਰ ਸਿੰਘ ਤੇ ਬਲਬੀਰ ਸਿੰਘ ਪੰਨੂੰ, ਐਡਵੋਕੈਟ ਰਾਜੀਵ ਮਦਾਨ ਸਮੇਤ ਵੱਖ ਵੱਖ ਵਿਭਾਗ ਦੇ ਅਧਿਕਾਰੀ ਤੇ ਆਪ ਪਾਰਟੀ ਦੇ ਆਗੂ ਤੇ ਵਰਕਰ ਮੋਜੂਦ ਸਨ। ਇਸ ਮੌਕੇ ਕਾਹਨੂੰਵਾਨ ਹਲਕੇ ਦੇ ਕਿਸਾਨਾਂ ਨੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਦੀ ਹਾਜ਼ਰੀ ਵਿਚ ਸਵੈ ਇੱਛਾ ਨਾਲ 119 ਪੰਚਾਇਤੀ ਜ਼ਮੀਨ ਛੱਡੀ, ਜਿਸ ਵਿਚ 37 ਏਕੜ ਕਾਹਨੂੰਵਾਨ ਬੇਟ ਤੇ 82 ਏਕੜ ਪਿੰਡ ਮੇਹੜੇ ਦੀ ਪੰਚਾਇਤੀ ਜ਼ਮੀਨ ਸ਼ਾਮਲ ਹੈ।
ਮੀਟਿੰਗ ਦੌਰਾਨ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੂਬੇ ਭਰ ਵਿਚੋਂ ਪੰਚਾਇਤੀ ਸ਼ਾਮਲਾਟ ਤੇ ਸਰਕਾਰੀ ਜ਼ਮੀਨਾਂ ’ਤੇ ਨਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਪਹਿਲੀ ਮਈ ਤੋਂ ਸ਼ੁਰੂ ਕੀਤੀ ਗਈ ਹੈ ਅਤੇ ਸੂਬੇ ਵਿਚ ਇੱਕ ਇੰਚ ਜ਼ਮੀਨ ਵੀ ਨਜਾਇਜ਼ ਕਬਜ਼ੇ ਹੇਠ ਨਹੀਂ ਰਹਿਣ ਦਿੱਤੀ ਜਾਵੇਗੀ।
ਉਨਾਂ ਅੱਗੇ ਦੱਸਿਆ ਕਿ ਅੱਜ ਉਹ ਵਿਸ਼ੇਸ ਤੌਰ ’ਤੇ ਗੁਰਦਾਸਪੁਰ ਆਏ ਹਨ, ਕਿਉਂਕਿ ਕਾਹਨੂੰਵਾਨ ਹਲਕੇ ਦੇ ਕਰੀਬ 50 ਕਿਸਾਨਾਂ ਵਲੋਂ 119 ਪੰਚਾਇਤੀ ਜ਼ਮੀਨ ਜੋ ਨਜਾਇਜ਼ ਕਬਜੇ ਹੇਠ ਸੀ, ਉਸਨੂੰ ਸਵੈ ਇੱਛਾ ਨਾਲ ਛੱਡਿਆ ਹੈ। ਜ਼ਮੀਨ ਛੱਡਣ ਵਾਲਿਆਂ ਦਾ ਧੰਨਵਾਦ ਕਰਦਿਆਂ ਸ. ਧਾਲੀਵਾਲ ਨੇ ਜਿਨਾਂ ਕਿਸਾਨਾਂ ਵਲੋਂ ਜ਼ਮੀਨ ਛੱਡੀ ਗਈ ਹੈ, ਉਨਾਂ ਕਿਸਾਨਾਂ ਨੂੰ ਹੀ ਅਗਲੇ ਤਿੰਨ ਸਾਲ ਲਈ ਪ੍ਰਤੀ ਏਕੜ 20 ਹਜਾਰ ਰੁਪਏ ’ਤੇ ਲੀਜ਼ ਦੇਣ ਦਾ ਐਲਾਨ ਵੀ ਕੀਤਾ। ਲੀਜ਼ ’ਤੇ ਦਿੱਤੀ ਗਈ ਜ਼ਮੀਨ ’ਤੇ ਪਾਲਿਸੀ ਤਹਿਤ ਸਲਾਨਾ 10 ਫੀਸਦ ਦਾ ਵਾਧਾ ਹੋਵੇਗਾ। ਉਨਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜਲਦ ਇੱਕ ਪਾਲਿਸੀ ਤਿਆਰ ਕੀਤੀ ਜਾ ਰਹੀ ਹੈ ਕਿ ਜਿਸ ਤਹਿਤ ਜਿਸ ਕਿਸਾਨ ਨੇ ਜ਼ਮੀਨ ਨੂੰ ਵਾਹੀਯੋਗ ਬਣਾਇਆ ਹੈ, ਉਸਨੂੰ ਜ਼ਮੀਨ ਕੁਲੈਕਟਰ ਰੇਟ ’ਤੇ ਦੇਣ ਦੀ ਪਹਿਲ ਹੋਵੇਗੀ। ਉਨਾਂ ਵੀ ਸਪੱਸ਼ਟ ਕਿਹਾ ਕਿ ਖੇਤੀਯੋਗ ਜ਼ਮੀਨ ਤੋਂ ਜਿਹੜੇ ਕਬਜ਼ੇ ਹਟਾਏ ਜਾ ਰਹੇ ਹਨ ਉਸ ਜ਼ਮੀਨ ਨੂੰ ਲੀਜ਼ ‘ਤੇ ਦੇਣ ਦੀ ਪਹਿਲ ਕਬਜ਼ਾ ਛੱਡਣ ਵਾਲਿਆਂ ਨੂੰ ਹੀ ਦਿੱਤੀ ਜਾ ਰਹੀ ਹੈ। ਉਨਾਂ ਕਾਹਨੂੰਵਾਨ ਹਲਕੇ ਦੇ ਆਪ ਪਾਰਟੀ ਦੇ ਇੰਚਾਰਜ ਐਡਵੈਕੈਟ ਜਗਰੂਪ ਸਿੰਘ ਸੇਖਵਾਂ ਤੇ ਕਿਸਾਨ ਆਗੂ ਕੰਵਲਪ੍ਰੀਤ ਸਿੰਘ ਕਾਕੀ ਦਾ ਧੰਨਵਾਦ ਕੀਤਾ, ਜਿਨਾਂ ਵਲੋਂ ਲੋਕਾਂ ਨੂੰ ਨਾਜਾਇਜ਼ ਕਬਜ਼ੇ ਛੱਡਣ ਲਈ ਪ੍ਰੇਰਿਤ ਕੀਤਾ ਗਿਆ।