ਏਐੱਸਆਈ ਵੱਲੋਂ ਥਾਣੇ ’ਚ ਗੋਲੀ ਮਾਰ ਕੇ ਖ਼ੁਦਕੁਸ਼ੀ

in #in2 years ago

ਸੀਨੀਅਰ ਅਧਿਕਾਰੀ ਵੱਲੋਂ ਕਥਿਤ ਤੌਰ ’ਤੇ ਸ਼ਰਮਸਾਰ ਕੀਤੇ ਜਾਣ ਤੋਂ ਦੁਖੀ ਹੋ ਕੇ ਥਾਣਾ ਹਰਿਆਣਾ (ਹੁਸ਼ਿਆਰਪੁਰ) ’ਚ ਤਾਇਨਾਤ ਪੰਜਾਬ ਪੁਲੀਸ ਦੇ ਇਕ ਏਐੱਸਆਈ ਨੇ ਅੱਜ ਸਵੇਰੇ ਥਾਣੇ ’ਚ ਹੀ ਆਪਣੀ ਸਰਵਿਸ ਰਿਵਾਲਵਰ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। 52 ਸਾਲਾ ਮ੍ਰਿਤਕ ਸਤੀਸ਼ ਕੁਮਾਰ ਹੁਸ਼ਿਆਰਪੁਰ ਦੇ ਮੁਹੱਲਾ ਟੈਗੋਰ ਨਗਰ ਦਾ ਰਹਿਣ ਵਾਲਾ ਹੈ। ਮਰਨ ਤੋਂ ਪਹਿਲਾਂ ਸਤੀਸ਼ ਕੁਮਾਰ ਨੇ ਇਕ ਖ਼ੁਦਕੁਸ਼ੀ ਨੋਟ ਲਿਖਿਆ ਅਤੇ ਇਕ ਵੀਡੀਓ ਸੁਨੇਹਾ ਵੀ ਤਿਆਰ ਕੀਤਾ ਜਿਸ ਵਿਚ ਉਸ ਨੇ ਥਾਣਾ ਟਾਂਡਾ ਦੇ ਐੱਸਐਚਓ ਉਂਕਾਰ ਸਿੰਘ ਵਲੋਂ ਗਾਲੀ-ਗਲੋਚ ਕੀਤੇ ਜਾਣ ਦੀ ਗੱਲ ਕਹੀ ਹੈ। ਨੋਟ ਵਿਚ ਸਤੀਸ਼ ਕੁਮਾਰ ਨੇ ਲਿਖਿਆ ਕਿ 8 ਸਤੰਬਰ ਨੂੰ ਸਵੇਰੇ 2 ਵਜੇ ਜਦੋਂ ਉਹ ਬਤੌਰ ਡਿਊਟੀ ਅਫ਼ਸਰ ਥਾਣੇ ਮੌਜੂਦ ਸੀ ਤਾਂ ਟਾਂਡਾ ਦੇ ਐੱਸ.ਐਚ.ਓ ਉਂਕਾਰ ਸਿੰਘ ਚੈਕਿੰਗ ਲਈ ਆਏ ਅਤੇ ਸਵਾਲ-ਜਵਾਬ ਕਰਨ ਲੱਗੇ। ਉਨ੍ਹਾਂ ਗਾਲਾਂ ਕੱਢੀਆਂ ਅਤੇ ਜ਼ਲੀਲ ਕੀਤਾ। ਏਐੱਸਆਈ ਨੇ ਨੋਟ ਵਿਚ ਲਿਖਿਆ ਕਿ ਐੱਸਐਚਓ ਨੇ ਉਸ ਖਿਲਾਫ਼ ਰੋਜ਼ਨਾਮਚੇ ’ਚ ਰਿਪੋਰਟ ਵੀ ਦਰਜ ਕੀਤੀ। ਇਸ ਤੋਂ ਦੁਖੀ ਹੋ ਕੇ ਏਐੱਸਆਈ ਨੇ ਆਤਮਹੱਤਿਆ ਕਰਨ ਦਾ ਮਨ ਬਣ ਲਿਆ। ਅੱਜ ਸਵੇਰੇ ਕਰੀਬ 10 ਵਜੇ ਸਤੀਸ਼ ਕੁਮਾਰ ਨੇ ਜਾਂਚ ਕਮਰੇ ਵਿਚ ਜਾ ਕੇ ਆਪਣੀ ਸਰਵਿਸ ਰਿਵਾਲਵਰ ਨਾਲ ਸਿਰ ਵਿਚ ਗੋਲੀ ਮਾਰ ਲਈ। ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਥਾਣਾ ਹਰਿਆਣਾ ਵਿਚ ਹੀ ਉਸ ਦਾ ਭਰਾ ਮੋਹਣ ਲਾਲ ਵੀ ਬਤੌਰ ਏ.ਐੱਸ.ਆਈ ਤਾਇਨਾਤ ਹੈ। ਮੋਹਨ ਲਾਲ ਨੇ ਕਿਹਾ ਕਿ ਉਸ ਦੇ ਭਰਾ ਦਾ ਕਤਲ ਹੋਇਆ ਹੈ ਅਤੇ ਇਸ ਲਈ ਸਬੰਧਤ ਐੱਸ.ਐਚ.ਓ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਘਟਨਾ ਬਾਰੇ ਪਤਾ ਲੱਗਦਿਆਂ ਕੁਝ ਜਥੇਬੰਦੀਆਂ ਵੀ ਮੌਕੇ ’ਤੇ ਆ ਗਈਆਂ ਅਤੇ ਘਟਨਾ ਦੀ ਨਿੰਦਾ ਕਰਦਿਆਂ ਐੱਸ.ਐਚ.ਓ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਐੱਸ.ਐਚ.ਓ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਫ਼ੋਨ ਨਹੀਂ ਚੁੱਕਿਆ।