ਐੱਸਐੱਮਓ ਸਮੇਤ ਵੱਡੇ ਅਹੁਦਿਆਂ 'ਤੇ ਬੈਠੇ ਡਾਕਟਰ ਹੁਣ ਰੋਜ਼ਾਨਾ ਤਿੰਨ ਘੰਟੇ ਕਰਨਗੇ ਮਰੀਜ਼ਾਂ ਦਾ ਇਲਾਜ

in #health2 years ago

99pyU5Ga1kwr5Xg46gnE3MMLvqifvAV5WABNu55YQ9sQ6ChERDQKgETVCiHoX8AWGXqaqfBMsQmXfZfsUeHj4Cv747ZtQ9cn95DVL4zPQ6eaMxMuKqkmiGmMrDjk5ExL5k.jpegਦੀਪਕ ਸ਼ਰਮਾ, ਬਠਿੰਡਾ : ਸੂਬੇ ਦੇ ਸਰਕਾਰੀ ਹਸਪਤਾਲਾਂ 'ਚ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ 'ਚ ਜਿੱਥੇ ਆਰਥਿਕ ਤੰਗੀ ਸਮੱਸਿਆਵਾਂ ਪੈਦਾ ਕਰ ਰਹੀ ਹੈ ਓਥੇ ਹੀ ਨਵੇਂ ਡਾਕਟਰਾਂ ਦੀ ਭਰਤੀ ਨਾ ਹੋਣ ਕਾਰਨ ਸਟਾਫ ਦੀ ਵੀ ਘਾਟ ਹੈ। ਅਜਿਹੀਆਂ ਸਥਿਤੀਆਂ ਨਾਲ ਨਜਿੱਠਣ ਲਈ ਹੁਣ ਸਰਕਾਰ ਨੇ ਨਵੇਂ ਸਾਧਨ ਪੈਦਾ ਕਰਨ ਦੀ ਬਜਾਏ ਉਪਲਬਧ ਸਾਧਨਾਂ ਨਾਲ ਲੋਕਾਂ ਦੀ ਸਿਹਤ ਸੰਭਾਲ ਦਾ ਬੀੜਾ ਚੁੱਕਿਆ ਹੈ। ਇਸ ਤਹਿਤ ਹੁਣ ਜ਼ਿਲ੍ਹੇ ਦੇ ਸਾਰੇ ਉੱਚ ਅਧਿਕਾਰੀ ਸਹਾਇਕ ਸਿਵਲ ਸਰਜਨ ਤੋਂ ਲੈ ਕੇ ਦੂਜੇ ਵਿੰਗ ਦੇ ਇੰਚਾਰਜ ਤਕ ਹਰ ਰੋਜ਼ ਤਿੰਨ ਘੰਟੇ ਮਰੀਜ਼ਾਂ ਦਾ ਚੈਕਅੱਪ ਕਰਨਗੇ ਤੇ ਇਲਾਜ ਕਰਨਗੇ। ਇਸਦੇ ਨਾਲ ਹੀ ਓਪੀਡੀ ਤੋਂ ਬਾਅਦ ਉਹ ਆਪਣੇ ਵਿਭਾਗੀ ਕੰਮ ਨਿਪਟਾਉਣਗੇ।

ਇਸ ਸਬੰਧੀ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਨੇ ਸਾਰੇ ਸਿਹਤ ਵਿਭਾਗਾਂ ਦੇ ਮੁਖੀਆਂ ਨੂੰ ਪੱਤਰ ਲਿਖ ਕੇ ਹਸਪਤਾਲ ਦੇ ਹੋਰ ਸਿਹਤ ਵਿਭਾਗਾਂ ਦੇ ਡਾਕਟਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਉਹ ਤਿੰਨ ਘੰਟੇ ਓਪੀਡੀ ਵਿਚ ਮਰੀਜ਼ਾਂ ਦੀ ਜਾਂਚ ਕਰਨ। ਇਸ ਵਿਚ ਏਸੀਐੱਸ, ਡੀਐੱਮਸੀ, ਡੀਆਈਓ, ਡੀਐੱਫਪੀਓ ਅਤੇ ਡੀਡੀਐੱਚਓ ਸਮੇਤ ਹੋਰ ਵਿਭਾਗਾਂ ਦੇ ਡਾਕਟਰਾਂ ਨੂੰ ਸਵੇਰੇ 8 ਤੋਂ 11 ਵਜੇ ਤਕ ਓਪੀਡੀ ਵਿਚ ਹਾਜ਼ਰ ਰਹਿ ਕੇ ਮਰੀਜ਼ਾਂ ਦੀ ਜਾਂਚ ਅਤੇ ਇਲਾਜ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸਦੇ ਨਾਲ ਹੀ ਵਿਭਾਗਾਂ ਦੇ ਮੁਖੀਆਂ ਦੀ ਡਿਊਟੀ ਲਗਾ ਕੇ ਦਫ਼ਤਰ ਨੂੰ ਸੂਚਿਤ ਕਰਨ ਤੇ ਇਸ ਹੁਕਮ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਵਿਉਂਤਬੰਦੀ 'ਤੇ ਕੰਮ ਕਰਨ ਲਈ ਕਿਹਾ ਗਿਆ ਹੈ
ਜ਼ਿਕਰਯੋਗ ਹੈ ਕਿ ਸੂਬੇ 'ਚ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ, ਸਿੱਖਿਆ ਅਤੇ ਪ੍ਰਸ਼ਾਸਨ ਦੇਣ ਦਾ ਵਾਅਦਾ ਕੀਤਾ ਸੀ ਅਤੇ ਇਨ੍ਹਾਂ ਵਾਅਦਿਆਂ ਦੇ ਆਧਾਰ 'ਤੇ ਸੱਤਾ 'ਚ ਆਈ ਹੈ। ਇਸ ਸਮੇਂ ਕਈ ਸਰਕਾਰੀ ਹਸਪਤਾਲਾਂ 'ਚ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਮਰੀਜ਼ਾਂ ਨੂੰ ਅੱਤ ਦੀ ਗਰਮੀ 'ਚ ਇਲਾਜ ਲਈ ਲਾਈਨਾਂ 'ਚ ਖੜ੍ਹਨਾ ਪੈਂਦਾ ਹੈ ਅਤੇ ਉਨ੍ਹਾਂ ਨੂੰ ਗਰਮੀ ਤੋਂ ਬਚਣ ਲਈ ਹਸਪਤਾਲ 'ਚ ਪਾਣੀ ਦੀ ਸਹੂਲਤ ਵੀ ਨਹੀਂ ਮਿਲ ਰਹੀ। ਸਿਹਤ ਵਿਭਾਗ ਕੋਲ ਫੰਡਾਂ ਦੀ ਘਾਟ ਕਾਰਨ ਵੀ ਇਸ ਤਰ੍ਹਾਂ ਦੀ ਸਮੱਸਿਆ ਆ ਰਹੀ ਹੈ। ਇਸ ਦੇ ਨਾਲ ਹੀ ਸਰਕਾਰ ਆਰਥਿਕ ਢਾਂਚੇ ਨੂੰ ਸੰਗਠਿਤ ਕਰਨ ਦੀ ਯੋਜਨਾ ਬਣਾਉਣ ਦੀ ਗੱਲ ਕਰ ਰਹੀ ਹੈ। ਇਸ ਕਾਰਨ ਸਰਕਾਰ ਸਿਹਤ ਵਿਭਾਗ ਵਿਚ ਬਿਹਤਰ ਡਾਕਟਰਾਂ ਦੀ ਨਿਯੁਕਤੀ 'ਤੇ ਬਹੁਤਾ ਖ਼ਰਚ ਕਰਨ ਦੀ ਸਥਿਤੀ ਵਿਚ ਨਜ਼ਰ ਨਹੀਂ ਆ ਰਹੀ, ਜਿਸ ਕਾਰਨ ਇਹ ਫ਼ੈਸਲਾ ਲਿਆ ਗਿਆ ਹੈ। ਇਸ ਵਿਚ ਹਰ ਜ਼ਿਲ੍ਹੇ ਵਿਚ ਦਰਜਨ ਦੇ ਕਰੀਬ ਅਜਿਹੇ ਡਾਕਟਰਾਂ ਦੀਆਂ ਸੇਵਾਵਾਂ ਲਈਆਂ ਜਾ ਸਕਦੀਆਂ ਹਨ, ਜੋ ਹੋਰ ਵਿਭਾਗਾਂ ਵਿਚ ਫੂਡ ਸੈਂਪਿਲੰਗ, ਵੱਖ-ਵੱਖ ਸਕੀਮਾਂ ਦਾ ਪ੍ਰਬੰਧ ਕਰਨ ਅਤੇ ਸਾਧਨ ਮੁਹੱਈਆ ਕਰਵਾਉਣ ਵਰਗੇ ਕੰਮ ਕਰ ਰਹੇ ਹਨ। ਮੌਜੂਦਾ ਸਮੇਂ ਵਿਚ ਨਵੇਂ ਹੁਕਮਾਂ ਵਿਚ ਉਪਰੋਕਤ ਸਾਰੇ ਡਾਕਟਰਾਂ ਲਈ ਸਵੇਰ ਦੇ ਸਮੇਂ ਹਸਪਤਾਲ ਵਿਚ ਪਹੁੰਚਣ ਵਾਲੇ ਮਰੀਜ਼ਾਂ ਦੀ ਜਾਂਚ ਤੇ ਇਲਾਜ ਕਰਨਾ ਲਾਜ਼ਮੀ ਹੋ ਗਿਆ ਹੈ। ਇਸ ਨਾਲ ਹਸਪਤਾਲਾਂ ਵਿਚ ਮਰੀਜ਼ਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ। ਇਸ ਦੇ ਨਾਲ ਹੀ ਕਈ ਡਾਕਟਰਾਂ ਦਾ ਤਰਕ ਹੈ ਕਿ ਲੋਕ ਮੈਡੀਕਲ ਟੈਸਟਾਂ, ਡੋਪ ਟੈਸਟਾਂ ਤੋਂ ਲੈ ਕੇ ਕੇਂਦਰ ਤੇ ਰਾਜ ਸਰਕਾਰ ਦੀਆਂ ਦਰਜਨਾਂ ਸਕੀਮਾਂ ਦੇ ਕੰਮ ਲਈ ਸਿਹਤ ਵਿਭਾਗ ਤਕ ਪਹੁੰਚਦੇ ਹਨ, ਜਿਨ੍ਹਾਂ ਨੂੰ ਹੁਣ ਦੁਪਹਿਰ ਵੇਲੇ ਆਪਣਾ ਕੰਮ ਨਿਪਟਾਉਣਾ ਪਵੇਗਾ। ਇਸਦੇ ਨਾਲ ਹੀ 8 ਘੰਟੇ ਦੇ ਡਿਊਟੀ ਸਮੇਂ ਵਿਚ ਹੋਰ ਵਿਭਾਗੀ ਕੰਮਾਂ ਲਈ ਸਿਰਫ਼ ਚਾਰ ਤੋਂ ਪੰਜ ਘੰਟੇ ਹੀ ਮਿਲਣਗੇ।