ਪਾਣੀ ਬਚਾਓ

in #harmansingh2 years ago

ਪੀਣ ਵਾਲੇ ਪਾਣੀ ਦੀ ਰਾਖੀ ਲਈ ਅੱਗੇ ਆਓ!

ਪੰਜਾਬ ਦੇ ਦਰਿਆਈ ਪਾਣੀਆਂ ਦੇ ਪੀਣਯੋਗ ਨਾਂ ਰਹਿਣ ਦਾ ਮਸਲਾ ਗੰਭੀਰ ਹੈ।‍ਪੰਜਾਬ ਦੇ ਜ਼ਮੀਨੀ ਪਾਣੀ ਦੀ ਪਹਿਲਾਂ ਹੀ ਜ਼ਹਿਰੀਲੇ ਅਤੇ ਪੀਣਯੋਗ ਨਾ ਹੋਣ ਦੀ ਹਾਲਤ ਵਿੱਚ ਇਹ ਮਸਲਾ ਹੋਰ ਵੀ ਖ਼ਤਰਨਾਕ ਬਣ ਗਿਆ ਹੈ।ਲੰਬੇ ਸਮੇਂ ਤੋਂ ਇਨ੍ਹਾਂ ਪਾਣੀਆਂ ਦੀ ਵਰਤੋਂ ਕਰਕੇ ਪੰਜਾਬ ਦੇ ਲੋਕ ਕੈਂਸਰ, ਕਾਲਾ ਪੀਲੀਆ, ਗਠੀਆ ਵਰਗੇ ਘਾਤਕ ਰੋਗਾਂ ਦੇ ਵੱਸ ਪਏ ਹੋਏ ਹਨ।ਪਾਣੀ ਅਜਿਹਾ ਸੋਮਾ ਹੈ ਜਿਸ ਉੱਤੇ ਲੋਕਾਂ ਦੀ ਜ਼ਿੰਦਗੀ ਨਿਰਭਰ ਹੈ।ਆਪਣੇ ਮੁਨਾਫਿਆਂ ਉੱਤੇ ਭੋਰਾ ਭਰ ਵੀ ਕੱਟ ਲਾਉਣ ਤੋਂ ਇਨਕਾਰੀ ਵੱਡੇ ਸਨਅਤਕਾਰ ਕਾਰਪੋਰੇਟ ਸਨਅਤਾਂ ਦੇ ਗੰਦੇ ਪਾਣੀ ਨੂੰ ਬਿਨਾਂ ਸੋਧੇ ਦਰਿਆਵਾਂ ਨਹਿਰਾਂ ਵਿਚ ਮਿਲਾਉਂਦੇ ਆ ਰਹੇ ਹਨ ਅਤੇ ਸਾਰੀਆਂ ਹਕੂਮਤਾਂ ਲੋਕ ਸਰੋਕਾਰਾਂ ਤੋਂ ਅਭਿੱਜ ਹੋਣ ਕਰਕੇ ਅਤੇ ਕਾਰਪੋਰੇਟਾਂ-ਵੱਡੇ ਸਨਅਤਕਾਰਾਂ ਦੇ ਹਿਤਾਂ ਦੇ ਉਲਟ ਖੜ੍ਹ ਸਕਣ ਦੇ ਧੜੱਲੇ ਤੋਂ ਵਾਂਝੇ ਹੋਣ ਕਰਕੇ ਮੂਕ ਦਰਸ਼ਕ ਬਣੀਆਂ ਇਹ ਕਹਿਰ ਵਾਪਰਦਾ ਦੇਖਦੀਆਂ ਆ ਰਹੀਆਂ ਹਨ।ਪਾਣੀ ਵਿੱਚ ਜ਼ਹਿਰ ਘੋਲੇ ਜਾਣ ਦਾ ਇਹ ਅਮਲ ਦਹਾਕਿਆਂ ਬੱਧੀ ਬਿਨਾਂ ਰੋਕ ਟੋਕ ਚੱਲਦਾ ਰਿਹਾ ਹੈ।ਇਸ ਅਮਲ ਖ਼ਿਲਾਫ਼ ਉੱਠਦੀਆਂ ਵਾਤਾਵਰਨ ਪ੍ਰੇਮੀਆਂ ਦੀਆਂ ਆਵਾਜ਼ਾਂ ਨੂੰ ਅਣਸੁਣਿਆ ਕੀਤਾ ਜਾਂਦਾ ਰਿਹਾ ਹੈ।ਹੁਣ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇਸ ਪਾਣੀ ਦੇ ਪੀਣਯੋਗ ਨਾ ਹੋਣ ਬਾਰੇ ਚਿਤਾਵਨੀ ਜਾਰੀ ਕੀਤੀ ਹੈ।ਸਾਮਰਾਜੀ ਮਾਡਲ ਅਧੀਨ ਕੀਟਨਾਸ਼ਕ ਤੇ ਆਧਾਰਤ ਖੇਤੀ ਨਾਲ ਜ਼ਹਿਰੀਲੇ ਹੋਏ ਜ਼ਮੀਨੀ ਪਾਣੀਆਂ ਦੇ ਮੱਦੇਨਜ਼ਰ ਲੋਕਾਂ ਕੋਲ ਜ਼ਹਿਰੀਲੇ ਪਾਣੀ ਦੀ ਵਰਤੋਂ ਤੋਂ ਬਿਨਾਂ ਕੋਈ ਬਦਲ ਮੌਜੂਦ ਨਹੀਂ ਹੈ।ਇਹ ਹਾਲਤ ਸਭਨਾਂ ਲੋਕਾਂ ਅਤੇ ਚੇਤਨ ਹਿੱਸਿਆਂ ਦੇ ਗੰਭੀਰ ਸਰੋਕਾਰ ਦੀ ਮੰਗ ਕਰਦੀ ਹੈ।ਕਾਰਪੋਰੇਟਾਂ ਸਾਮਰਾਜੀਆਂ ਦੇ ਮੁਨਾਫੇ ਦੀ ਹਵਸ ਅੱਗੇ ਬੇਵੱਸ ਮਹਿਸੂਸ ਕਰ ਰਹੀ ਹਕੂਮਤ ਨੂੰ ਲੋਕ ਹਿੱਤਾਂ ਵਿੱਚ ਕਦਮ ਚੁੱਕਣ ਲਈ ਮਜਬੂਰ ਕਰਨ ਦੀ ਮੰਗ ਕਰਦੀ ਹੈ।ਪੰਜਾਬ ਦੇ ਪਾਣੀ ਦੇ ਸੋਮਿਆਂ ਦਾ ਪ੍ਰਦੂਸ਼ਣ ਇਸ ਮੌਕੇ ਪ੍ਰਦੂਸ਼ਣ ਦੀ ਸਭ ਤੋਂ ਗੰਭੀਰ,ਜਾਨਲੇਵਾ ਅਤੇ ਵਿਆਪਕ ਤਬਾਹੀ ਵਾਲੀ ਸ਼ਕਲ ਬਣ ਰਿਹਾ ਹੈ। ਲੋਕ ਮੋਰਚਾ ਪੰਜਾਬ ਸਮੂਹ ਲੋਕਾਂ ਅਤੇ ਵਾਤਾਵਰਨ ਪ੍ਰੇਮੀ ਹਿੱਸਿਆਂ ਨੂੰ ਇਸ ਪ੍ਰਦੂਸ਼ਨ ਖ਼ਿਲਾਫ਼ ਇਕਜੁੱਟ ਅਵਾਜ਼ ਬੁਲੰਦ ਕਰਨ ਦਾ ਸੱਦਾ ਦਿੰਦਾ ਹੈ।

ਆਓ ਮੰਗ ਕਰੀਏ ਕਿ:

ਪੰਜਾਬ ਦੇ ਪਾਣੀ ਦੇ ਸੋਮਿਆਂ ਨੂੰ ਪ੍ਰਦੂਸ਼ਤ ਕਰਨ ਵਾਲੀਆਂ ਸਨਅਤੀ ਇਕਾਈਆਂ ਖ਼ਿਲਾਫ਼ ਮਿਸਾਲੀ ਕਾਰਵਾਈ ਕੀਤੀ ਜਾਵੇ।

ਪੰਜਾਬ ਦੇ ਦਰਿਆਵਾਂ ਨਹਿਰਾਂ ਨੂੰ ਸਨਅਤੀ ਪ੍ਰਦੂਸ਼ਣ ਤੋਂ ਬਚਾਉਣ ਲਈ ਸਰਕਾਰ ਫੌਰੀ ਕਦਮ ਉਠਾਏ।

ਪੰਜਾਬ ਦੇ ਜ਼ਮੀਨੀ ਪਾਣੀਆਂ ਨੂੰ ਜ਼ਹਿਰੀਲਾ ਕਰਨ ਵਾਲਾ ਸਾਮਰਾਜੀ ਕੀਟਨਾਸ਼ਕਾਂ ਤੇ ਆਧਾਰਤ ਖੇਤੀ ਮਾਡਲ ਰੱਦ ਕੀਤਾ ਜਾਵੇ।

ਜ਼ਹਿਰੀਲੇ ਪਾਣੀਆਂ ਨਾਲ ਹੋਣ ਵਾਲੀਆਂ ਬਿਮਾਰੀਆਂ ਦਾ ਮੁਆਵਜਾ ਇਸ ਦੀਆਂ ਜ਼ਿੰਮੇਵਾਰ ਸਨਅਤਾਂ ਤੇ ਕੰਪਨੀਆਂ ਤੋਂ ਵਸੂਲ ਕੀਤਾ ਜਾਵੇ।

ਕੀਟਨਾਸ਼ਕ ਮੁਕਤ ਕੁਦਰਤੀ ਖੇਤੀ ਨੂੰ ਉਤਸ਼ਾਹਤ ਕਰਨ ਲਈ ਸਰਕਾਰੀ ਸਹਾਇਤਾ ਦਿੱਤੀ ਜਾਵੇ ਅਤੇ ਲੋੜੀਂਦੇ ਪ੍ਰਬੰਧ ਦੀ ਗਰੰਟੀ ਕੀਤੀ ਜਾਵੇ।

ਪੰਜਾਬ ਦੇ ਪਾਣੀ ਦੇ ਸੋਮਿਆਂ ਦੀ ਸੰਭਾਲ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ।

- ਲੋਕ ਮੋਰਚਾ ਪੰਜਾਬ

Lok Morcha Punjab PunjabScreenshot_2022-05-20-18-28-09-633_com.miui.gallery.jpg