ਬਾਗਬਾਨੀ ਮੰਤਰੀ ਸ੍ਰ. ਫੌਜਾ ਸਿੰਘ ਸਰਾਰੀ ਵੱਲੋਂ ਬਾਗਬਾਨੀ ਵਿਭਾਗ ਵੱਲੋਂ ਤਿਆਰ ਸਬਜੀ ਬੀਜ ਮਿੰਨੀ ਕਿੱਟਾਂ ਜਾਰੀ

in #ferozpur2 years ago

IMG-20220909-WA0051.jpg

ਬਾਗਬਾਨੀ ਮੰਤਰੀ ਸ੍ਰ. ਫੌਜਾ ਸਿੰਘ ਸਰਾਰੀ ਵੱਲੋਂ ਬਾਗਬਾਨੀ ਵਿਭਾਗ ਵੱਲੋਂ ਤਿਆਰ ਸਬਜੀ ਬੀਜ ਮਿੰਨੀ ਕਿੱਟਾਂ ਜਾਰੀ

· ਘਰੇਲੂ ਪੱਧਰ 'ਤੇ ਰਸਾਇਣਾਂ ਤੋਂ ਰਹਿਤ ਸਬਜੀ ਪੈਦਾ ਕਰਨ ਦਾ ਦਿੱਤਾ ਸੁਨੇਹਾ

ਫਿਰੋਜ਼ਪੁਰ, 9 ਸਤੰਬਰ:

    ਬਾਗਬਾਨੀ ਮੰਤਰੀ ਸ੍ਰ. ਫੋਜਾ ਸਿੰਘ ਸਰਾਰੀ ਵੱਲੋਂ ਬਾਗਬਾਨੀ ਵਿਭਾਗ ਵੱਲੋਂ ਤਿਆਰ ਮਿੰਨੀ ਕਿੱਟਾਂ ਰਲੀਜ਼ ਕਰਦੇ ਹੋਏ ਜ਼ਿਲ੍ਹੇ ਵਿੱਚ ਘਰੇਲੂ ਪੱਧਰ ਤੇ ਰਸਾਇਣਾਂ/ਕੈਮਿਕਲ ਰਹਿਤ ਸਬਜੀਆਂ ਉੁਗਾ ਕੇ ਖਪਤ ਕਰਨ ਦਾ ਸੁਨੇਹਾ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਮਾਲ ਅਫਸਰ ਅਰਵਿੰਦ ਪ੍ਰਕਾਸ਼ ਵਰਮਾ ਅਤੇ ਨਾਇਬ ਤਹਿਸੀਲਦਾਰ ਮਨਜੀਤ ਸਿੰਘ ਗੁਰੂਹਰਸਹਾਏ ਵੀ ਮੌਜੂਦ ਸਨ।

ਇਸ ਮੌਕੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਕਿਹਾ ਕਿ ਸਬਜੀਆਂ ਵਿਟਾਮਿਨ, ਮਿਨਰਲ, ਫਾਈਟੋਕੈਮੀਕਲ ਅਤੇ ਫਾਈਬਰ ਦਾ ਵਧੀਆ ਸੋਮਾਂ ਹੋਣ ਕਾਰਨ ਮਨੁੱਖੀ ਸ਼ਰੀਰ ਦੀ ਬਿਮਾਰੀਆਂ ਪ੍ਰਤੀ ਲੜਨ ਦੀ ਸ਼ਕਤੀ ਵਧਾਉਂਦੀਆਂ ਹਨ। ਇਸ ਲਈ ਸਾਨੂੰ ਘਰੇਲੂ ਬਗੀਚੀ ਤਹਿਤ ਆਪਣੇ ਘਰਾਂ ਵਿਚ ਰਸਾਇਣਿਕ ਜ਼ਹਿਰਾਂ ਤੋਂ ਰਹਿਤ ਸਬਜੀਆਂ ਦੀ ਕਾਸ਼ਤ ਕਰਨੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਬਾਗਬਾਨੀ ਮੰਤਰੀ ਫੌਜਾ ਸਿੰਘ ਸਰਾਰੀ ਜੀ ਅਤੇ ਡਾਇਰੈਕਟਰ ਸ਼ੈਲਿੰਦਰ ਕੌਰ ਜੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਵਿਭਾਗ ਵੱਲੋਂ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿੱਚ 60 ਹਜ਼ਾਰ ਸਬਜੀ ਬੀਜ ਮਿੰਨੀ ਕਿੱਟਾਂ ਵੰਡਣ ਦਾ ਟੀਚਾ ਮਿਥਿਆ ਗਿਆ ਹੈ।

ਇਸ ਮੌਕੇ ਬਾਗਬਾਨੀ ਵਿਭਾਗ ਜ਼ਿਲ੍ਹਾ ਫਿਰੋਜ਼ਪੁਰ ਵੱਲੋ ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਬਲਕਾਰ ਸਿੰਘ ਨੇ ਕਿਹਾ ਕਿ ਨੈਸ਼ਨਲ ਇੰਸਟੀਚਿਊਟ ਆਫ ਨਿਊਟ੍ਰੀਸ਼ਨ ਹੈਦਰਾਬਾਦ ਦੇ ਸੰਤੁਲਿਤ ਖੁਰਾਕ ਮਾਪਦੰਡਾਂ ਅਨੁਸਾਰ ਹਰ ਵਿਅਕਤੀ ਨੂੰ ਪ੍ਰਤੀ ਦਿਨ 300 ਗ੍ਰਾਮ ਤਾਜ਼ਾ ਸਬਜੀ ਜਿਸ ਵਿਚ 120 ਗ੍ਰਾਮ ਹਰੇ ਪੱਤੇ ਵਾਲੀਆਂ, 90 ਗ੍ਰਾਮ ਜੜ੍ਹਾਂ ਵਾਲੀਆਂ ਅਤੇ 90 ਗ੍ਰਾਮ ਹੋਰ ਸਬਜੀਆਂ ਦੀ ਲੋੜ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸਰਦੀ ਰੁੱਤ ਸਬਜੀ ਬੀਜ ਕਿੱਟ ਵਿਚ ਬਿਜਾਈ ਲਈ ਮੂਲੀ, ਗਾਜਰ, ਸ਼ਲਗਮ, ਮਟਰ, ਪਾਲਕ, ਮੇਥੀ, ਧਨੀਆ, ਬਰੋਕਲੀ ਅਤੇ ਚੀਨੀ ਸਰੋਂ ਦੇ ਬੀਜ ਹਨ, ਜਿੰਨਾਂ ਦੀ ਲਗਭਗ 6 ਮਰਲੇ ਵਿਚ ਬਿਜਾਈ ਕਰਕੇ ਇਕ ਆਮ ਪਰਿਵਾਰ ਦੀ ਸਬਜੀਆਂ ਦੀ ਲੋੜ ਪੂਰੀ ਹੋ ਜਾਂਦੀ ਹੈ। ਇੱਕ ਸਬਜੀ ਬੀਜ ਮਿੰਨੀ ਕਿੱਟ ਦਾ ਸਰਕਾਰੀ ਰੇਟ 80/- ਰੁਪਏ ਪ੍ਰਤੀ ਕਿੱਟ ਰੱਖਿਆ ਗਿਆ ਹੈ ਅਤੇ ਇਹ ਕਿੱਟਾਂ ਬਾਗਬਾਨੀ ਵਿਭਾਗ ਦੇ ਜ਼ਿਲ੍ਹਾ ਪੱਧਰ ਦੇ ਡਿਪਟੀ ਡਾਇਰੈਕਟਰ ਦਫਤਰ ਜਾਂ ਬਲਾਕ ਬਾਗਬਾਨੀ ਵਿਕਾਸ ਅਫਸਰ ਦੇ ਦਫਤਰ ਪਾਸੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਇਸ ਮੌਕੇ ਬਾਗਬਾਨੀ ਵਿਕਾਸ ਅਫਸਰ ਸ੍ਰੀ ਪਰਦੀਪ ਸਿੰਘ ਵੀ ਹਾਜ਼ਰ ਸਨ।