ਉੱਘੇ ਸਾਹਿਤਕਾਰ ਤੇ ਚਿੰਤਕ ਭਾਈ ਕਾਨ੍ਹ ਸਿੰਘ ਨਾਭਾ ਨੂੰ ਚੇਤੇ ਕਰਦਿਆਂ

in #delhi2 years ago

29_08_2022-kanh_singh_nabha.jfif.jpg‘ਮਹਾਨ ਕੋਸ਼ ਦੇ ਸਿਰਜਕ’ ਅਤੇ ਗੁਰਮਤਿ ਦੇ ਵਿਆਖਿਆਕਾਰ ਭਾਈ ਕਾਨ੍ਹ ਸਿੰਘ ਨਾਭਾ ਉਨ੍ਹਾਂ ਲੇਖਕਾਂ ’ਚੋਂ ਸਨ ਜਿਨ੍ਹਾਂ ਵੱਲੋਂ ਰਚੇ ਸਾਹਿਤ ਦਾ ਮਹੱਤਵ ਪੰਜਾਬੀ ਸਹਿਤ ਦੇ ਇਤਿਹਾਸ ਵਿਚ ਸਦੀਵੀ ਬਣਿਆ ਰਹੇਗਾ। ਆਪਣੇ ਸਮੇਂ ਦੌਰਾਨ ਉਨ੍ਹਾਂ ਕਈ ਅਜਿਹੇ ਸਾਹਿਤਕ ਕਾਰਜ ਸੰਪੂਰਨ ਕੀਤੇ ਜਿਨ੍ਹਾਂ ਦੀ ਆਸ ਕਿਸੇ ਸੰਸਥਾ ਪਾਸੋਂ ਤਾਂ ਕੀਤੀ ਜਾ ਸਕਦੀ ਹੈ ਪਰ ਕਿਸੇ ਇਕੱਲੇ ਵਿਅਕਤੀ ਕੋਲੋਂ ਨਹੀਂ। ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਅਤੇ ਵਿਆਖਿਆ ਦੇ ਸਬੰਧ ਵਿਚ ਭਾਈ ਸਾਹਿਬ ਦਾ ਨਾਂ ਆਪਣੇ ਸਮਕਾਲੀ ਲੇਖਕਾਂ ਦੀ ਸੂਚੀ ਵਿਚ ਸਿਖ਼ਰ ’ਤੇ ਆਉਂਦਾ ਹੈ। ਆਪ ਦਾ ਜਨਮ ਮਾਤਾ ਹਰਿ ਕੌਰ ਦੀ ਕੁੱਖੋਂ ਰਿਆਸਤ ਪਟਿਆਲਾ ਦੇ ਪਿੰਡ ਬਨੇਰਾ ਖੁਰਦ ਵਿਖੇ ਉਨ੍ਹਾਂ ਦੇ ਨਾਨਕੇ ਘਰ 30 ਅਗਸਤ 1861 ਨੂੰ ਹੋਇਆ ਸੀ। ਆਪ ਦੇ ਪੜਦਾਦਾ ਬਾਬਾ ਸਰੂਪ ਸਿੰਘ ਤੇ ਪਿਤਾ ਬਾਬਾ ਨਾਰਾਇਣ ਸਿੰਘ ਨੇ ਨਾਭਾ ਵਿਖੇ ਪ੍ਰਸਿੱਧ ਗੁਰਦੁਆਰੇ, ਬਾਬਾ ਅਜਾਪਾਲ ਜੀ ਦੇ ਤਪ ਅਸਥਾਨ ’ਤੇ ਪ੍ਰਮੁੱਖ ਸੇਵਾਦਾਰਾਂ ਵਜੋਂ ਸ਼ਾਨਦਾਰ ਸੇਵਾ ਕਰਦਿਆਂ ਇਸ ਪਵਿੱਤਰ ਅਸਥਾਨ ਨੂੰ ਗੁਰਮਤਿ ਪ੍ਰਚਾਰ ਦਾ ਮੁੱਖ ਕੇਂਦਰ ਬਣਾਇਆ। ਭਾਈ ਕਾਨ੍ਹ ਸਿੰਘ ਦੀ ਖ਼ਾਨਦਾਨੀ ਪਰੰਪਰਾ ਮਹਾਰਾਜਾ ਰਣਜੀਤ ਸਿੰਘ ਦੇ ਮੁਸਾਹਿਬ ਬਾਬਾ ਨੌਧ ਸਿੰਘ ਜੀ ਨਾਲ ਜਾ ਮਿਲਦੀ ਹੈ ਜਿਹੜੇ ਢਿੱਲੋਂ ਜੱਟ ਤੇ ਪੰਜਾਬ ਵਿਚ ਜ਼ਿਲ੍ਹਾ ਬਠਿੰਡਾ ਦੇ ਪਿੰਡ ‘ਪਿੱਥੋ’ ਦੇ ਮੁਖੀ ਸਨ। ਬਚਪਨ ਦੇ ਦਿਨਾਂ ਤੋਂ ਹੀ ਨਾਭਾ ਵਿਖੇ ਆਪਣੇ ਪਿਤਾ ਅਤੇ ਪ੍ਰਮੁੱਖ ਸਮਕਾਲੀ ਵਿਦਵਾਨਾਂ ਕੋਲੋਂ ਕਾਨ੍ਹ ਸਿੰਘ ਨੇ ਬਹੁ-ਪੱਖੀ ਵਿੱਦਿਆ ਗ੍ਰਹਿਣ ਕੀਤੀ।