ਕੋਵਿਡ: ਆਕਸੀਜਨ ਦੀ ਕਿੱਲਤ ਕਾਰਨ ਹੋਈਆਂ ਮੌਤਾਂ ਦੇ ਆਡਿਟ ਦੀ ਸਿਫਾਰਸ਼

in #delhi2 years ago

2022_9$largeimg_1049746645.jpg

ਸੰਸਦੀ ਕਮੇਟੀ ਨੇ ਰਾਜ ਸਭਾ ਸਕੱਤਰੇਤ ਨੂੰ ਰਿਪੋਰਟ ਸੌਂਪੀ
ਸਰਕਾਰੀ ਏਜੰਸੀਆਂ ਤੋਂ ਵਧੇਰੇ ਪਾਰਦਰਸ਼ਤਾ ਤੇ ਜਵਾਬਦੇਹੀ ਦੀ ਆਸ ਜਤਾਈ
ਸਰਕਾਰ ਨੂੰ ਆਕਸੀਜਨ ਸਿਲੰਡਰਾਂ ਤੇ ਸਪਲਾਈ ਦੀ ਸੰਭਾਵੀ ਕਿੱਲਤ ਬਾਰੇ ਅਗਾਊਂ ਚੌਕਸ ਕਰਨ ਦਾ ਦਾਅਵਾ
ਸੰਸਦੀ ਕਮੇਟੀ ਨੇ ਕੇਂਦਰੀ ਸਿਹਤ ਮੰਤਰਾਲੇ ਨੂੰ ਕੋਵਿਡ-19 ਖਾਸ ਕਰਕੇ ਦੂਜੀ ਲਹਿਰ ਦੌਰਾਨ ‘ਆਕਸੀਜਨ ਦੀ ਕਿੱਲਤ ਕਰਕੇ ਹੋਈਆਂ ਮੌਤਾਂ’ ਦਾ ਆਡਿਟ ਕੀਤੇ ਜਾਣ ਦੀ ਸਿਫਾਰਸ਼ ਕੀਤੀ ਹੈ। ਕਮੇਟੀ ਨੇ ਕਿਹਾ ਕਿ ਆਡਿਟ ਦਾ ਅਮਲ ਰਾਜਾਂ ਦੇ ਤਾਲਮੇਲ ਨਾਲ ਕੀਤਾ ਜਾਵੇ ਤਾਂ ਕਿ ਕੋਵਿਡ ਦੌਰਾਨ ਹੋਈਆਂ ਮੌਤਾਂ ਬਾਰੇ ਮਜ਼ਬੂਤ ਦਸਤਾਵੇਜ਼ ਤਿਆਰ ਕੀਤੇ ਜਾ ਸਕਣ। ਕਮੇਟੀ ਨੇ ਕਿਹਾ ਕਿ ਉਹ ਆਕਸੀਜਨ ਦੀ ਘਾਟ ਕਾਰਨ ਕੋਵਿਡ-19 ਮੌਤਾਂ ਬਾਰੇ ਮੰਤਰਾਲੇ ਦੇ ‘ਮੰਦਭਾਗੇ ਇਨਕਾਰ’ ਤੋਂ ‘ਪ੍ਰੇਸ਼ਾਨ’ ਹੈ। ਕਮੇਟੀ ਨੇ ਸਰਕਾਰੀ ਏਜੰਸੀਆਂ ਤੋਂ ਵਧੇਰੇ ਪਾਰਦਰਸ਼ਤਾ ਤੇ ਜਵਾਬਦੇਹੀ ਦੀ ਤਵੱਕੋ ਕਰਦੇ ਹੋਏ ਕਿਹਾ, ‘‘ਮੰਤਰਾਲਾ ਬੜੀ ਬਾਰੀਕੀ ਨਾਲ ਆਕਸੀਜਨ ਦੀ ਕਿੱਲਤ ਕਰਕੇ ਹੋਈਆਂ ਕੋਵਿਡ ਮੌਤਾਂ ਦੀ ਘੋਖ ਕਰੇ ਅਤੇ ਪੀੜਤ ਪਰਿਵਾਰਾਂ ਲਈ ਯੋਗ ਮੁਆਵਜ਼ਾ ਯਕੀਨੀ ਬਣਾਏ।’’ ਕਮੇਟੀ ਨੇ ਰਿਪੋਰਟ ਵਿੱਚ ਦਾਅਵਾ ਕੀਤਾ ਕਿ ਜੇਕਰ ਸਮਾਂ ਰਹਿੰਦਿਆਂ ਕੰਨਟੇਨਮੈਂਟ ਨਾਲ ਜੁੜੀਆਂ ਰਣਨੀਤੀਆਂ ਲਾਗੂ ਕੀਤੀਆਂ ਹੁੰਦੀਆਂ ਤਾਂ ਕੋਵਿਡ-19 ਦੀ ਦੂਜੀ ਲਹਿਰ ਦੌਰਾਨ ਕਈ ਹੋਰ ਜਾਨਾਂ ਬਚਾਈਆਂ ਜਾ ਸਕਦੀਆਂ ਸਨ। ਕਮੇਟੀ ਨੇ ਕਿਹਾ ਕਿ ਸਰਕਾਰ ਹਾਲਾਤ ਦੀ ਸ਼ਿੱਦਤ ਦਾ ਅੰਦਾਜ਼ਾ ਲਾਉਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ।