ਵਿਧਾਇਕ ਨੇ ਸਰਾਲਾ ਹੈੱਡ ਦੇ ਵੈਲਡਿੰਗ ਕੀਤੇ ਗੇਟ ਖੁੱਲ੍ਹਵਾਏ

in #delhi2 years ago

ਕਈ ਦਿਨਾਂ ਤੋਂ ਘੜਾਮ ਡਿਸਟ੍ਰੀਬਿਊਟਰੀ ਵਿੱਚ ਨਹਿਰੀ ਪਾਣੀ ਬਹੁਤ ਘੱਟ ਆ ਰਿਹਾ ਸੀ, ਜਿਸ ਦਾ ਦੇਵੀਗੜ੍ਹ ਇਲਾਕੇ ਦੇ ਕਿਸਾਨਾਂ ਵੱਲੋਂ ਜਬਰਦਸਤ ਵਿਰੋਧ ਕੀਤਾ ਜਾ ਰਿਹਾ ਸੀ ਅਤੇ ਤਿੰਨ ਦਿਨ ਪਹਿਲਾਂ ਹੀ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਵੱਲੋਂ ਵੀ ਦੇਵੀਗੜ੍ਹ ਵਿੱਚ ਘੱਗਰ ਦੇ ਪੁਲ ’ਤੇ ਤਿੰਨ ਘੰਟੇ ਆਵਾਜਾਈ ਵੀ ਠੱਪ ਰੱਖੀ ਗਈ ਸੀ। ਇਸ ਬਾਰੇ ਅਖਬਾਰਾਂ ਵਿੱਚ ਖ਼ਬਰਾਂ ਵੀ ਲੱਗੀਆਂ ਸਨ।

ਇਸ ਮਸਲੇ ਦਾ ਗੰਭੀਰ ਨੋਟਿਸ ਲੈਂਦਿਆਂ ਅੱਜ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਨਹਿਰੀ ਵਿਭਾਗ ਦੇ ਐਕਸੀਅਨ, ਐੱਸਡੀਓ, ਥਾਣਾ ਮੁਖੀ ਜੁਲਕਾਂ ਨੂੰ ਨਾਲ ਲੈ ਕੇ ਸਰਾਲਾ ਜਿੱਥੋਂ ਕਿ ਇਹ ਰਜਬਾਹਾ ਨਿਕਲਦਾ ਹੈ, ਜਾ ਕੇ ਭਾਖੜਾ ਨਹਿਰ ਦੇ ਗੇਟਾਂ ਦਾ ਜਾਇਜ਼ਾ ਲਿਆ। ਇਸ ਦੌਰੇ ਦੌਰਾਨ ਦੇਖਣ ਨੂੰ ਮਿਲਿਆ ਕਿ ਨਹਿਰ ਵਿੱਚ ਜੋ ਗੇਟ ਪਾਣੀ ਛੱਡਦੇ ਹਨ ਉਨ੍ਹਾਂ ਨੂੰ ਹੇਠਾਂ ਕਰ ਕੇ ਵੈਲਡਿੰਗ ਕੀਤਾ ਹੋਇਆ ਸੀ ਤਾਂ ਜੋ ਰਜਬਾਹੇ ਵਿੱਚ ਪਾਣੀ ਘੱਟ ਜਾਵੇ। ਇਹ ਦੇਖ ਕੇ ਵਿਧਾਇਕ ਕਾਫੀ ਹੈਰਾਨ ਹੋਏ ਅਤੇ ਉਨ੍ਹਾਂ ਮੌਕੇ ’ਤੇ ਹੀ ਅਧਿਕਾਰੀਆਂ ਨੂੰ ਨਾਲ ਲੈ ਕੇ ਗੇਟਾਂ ਦੀ ਵੈਲਡਿੰਗ ਖੁੱਲ੍ਹਵਾਈ ਤਾਂ ਜਾ ਕੇ ਪਾਣੀ ਦਾ ਪੱਧਰ ਵਧਿਆ। ਵਿਧਾਇਕ ਹਰਮੀਤ ਪਠਾਣਮਾਜਰਾ ਨੇ ਪਿੰਡਾਂ ਨੇੜੇ ਰਜਬਾਹੇ ਵਿੱਚ ਉਹ ਥਾਵਾਂ ਵੀ ਦੇਖੀਆਂ ਜਿੱਥੇ ਲੋਕਾਂ ਨੇ ਨਹਿਰੀ ਪਾਣੀ ਚੋਰੀ ਕਰਨ ਲਈ ਇੰਜਣ ਅਤੇ ਪਾਈਪ ਲਗਾਏ ਹੋਏ ਸਨ।